ਮੰਤਰੀ ਨੇ ਸ਼ੈਲਰਾਂ ਵਿਚ ਇਕਸਾਰ ਝੋਨਾ ਲਾਉਣ ਦਾ ਦਿੱਤਾ ਭਰੋਸਾ
ਮਾਨਸਾ, 2 ਅਕਤੂਬਰ (ਵਿਸ਼ਵ ਵਾਰਤਾ)- ਪੰਜਾਬ ਦੇ ਖੁਰਾਕ, ਸਿਵਲ ਐਂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸੂ ਨੇ ਝੋਨੇ ਦੀ ਖਰੀਦ ਸਬੰਧੀ ਸਭ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਰਾਜ ਵਿਚ ਇਸ ਵਾਰ ਝੋਨੇ ਦੀ ਜਿਆਦਾ ਫਸਲ ਹੋਣ ਦੇ ਬਾਵਜੂਦ ਕਿਸੇ ਵੀ ਸ਼ੈਲਰ ਪ੍ਰਬੰਧਕਾਂ ਨੂੰ ਕਿਸੇ ਤਕਲੀਫ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਹੋਣ ਸਾਰ ਹੀ ਕਿਸਾਨਾਂ ਦੀ ਜਿਣਸ ਨੂੰ ਮੰਡੀਆਂ ਵਿਚ ਵੱਧ ਸਮਾਂ ਸਟੋਰ ਕਰਨ ਦੀ ਥਾਂ ਤੁਰੰਤ ਸ਼ੈਲਰਾਂ ਵਿਚ ਭੇਜਣ ਦਾ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਫਟਾਫਟ ਮੰਡੀਆਂ *ਚੋਂ ਲਿਫਟਿੰਗ ਹੋ ਸਕੇ। ਉਹ ਅੱਜ ਇਥੇ ਸ਼ੈਲਰ ਮਾਲਕਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਮਹਾਤਮਾ ਗਾਂਧੀ ਜੈਅੰਤੀ ਸਬੰਧੀ ਇਕ ਸਮਗਾਮ ਵਿਚ ਭਾਗ ਲਿਆ।
ਉਨ੍ਹਾਂ ਕਿਹਾ ਕਿ ਸ਼ੈਲਰਾਂ ਵਿਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨੀਤੀ ਤਹਿਤ ਝੋਨਾ ਅਲਾਰਟ ਕੀਤਾ ਜਾਵੇਗਾ ਅਤੇ ਅਕਾਲੀ ਸਰਕਾਰ ਵਾਂਗ ਜਥੇਦਾਰਾਂ ਦੀਆਂ ਪਰਚੀਆਂ ਮੁਤਾਬਕ ਕਿਸੇ ਵੀ ਸ਼ੈਲਰ ਵਿਚ ਵੱਧ—ਘੱਟ ਜੀਰੀ ਨਹੀਂ ਲੱਗ ਸਕੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਵਿਚ ਲੰਬਾ ਸਮਾਂ ਅਪਰੋਚ ਵਾਲੇ ਸ਼ੈਲਰਾਂ ਵਿਚ ਵੱਧ ਝੋਨਾ ਲੱਗਦਾ ਰਿਹਾ ਹੈ, ਪਰ ਪੰਜਾਬ ਸਰਕਾਰ ਨੇ ਇਸ ਵਾਰ ਮਾਮਲੇ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਸ਼ੈਲਰ ਮਾਲਕ ਨਾਲ ਕੋਈ ਬੇਇਨਸਾਫੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸ਼ੈਲਰਾਂ ਵਾਲਿਆਂ ਦੇ ਰਹਿੰਦੇ ਬਕਾਇਆਂ ਨੂੰ ਜਲਦੀ ਰਿਲੀਜ ਕਰਨ ਦਾ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਸਰਕਾਰੀ ਤੌਰ *ਤੇ ਸਾਰੀਆਂ ਕਾਰਵਾਈਆਂ ਸੰਪੂਰਨ ਹੋ ਚੁੱਕੀਆਂ ਹਨ।
ਇਸ ਮੌਕੇ ਸੰਤ ਅੰਮ੍ਰਿਤ ਮੁਨੀ, ਅਜੀਤ ਇੰਦਰ ਸਿੰਘ ਮੋਫਰ, ਬਿਕਰਮ ਸਿੰਘ ਮੋਫਰ, ਕਰਮ ਸਿੰਘ ਚੌਹਾਨ, ਮੁਕੇਸ ਗੋਇਲ, ਗੁਰਪਿਆਰ ਸਿੰਘ, ਸੋਮ ਨਾਥ, ਭੀਮ ਸੈਨ ਹੈਪੀ, ਸੁਮਿਤ ਕੁਮਾਰ, ਵਿਨੋਦ ਚੋਧਰੀ, ਹਰੀ ਰਾਮ ਡਿੰਪਾ, ਬੂਟਾ ਰਾਮ ਹਾਜਰ ਸਨ।
ਫੋਟੋ ਕੈਪਸ਼ਨ: ਮਾਨਸਾ ਵਿਚ ਸ਼ੈਲਰ ਮਾਲਕ, ਸਿਵਲ ਐਂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸੂ ਨੂੰ ਮਿਲਦੇ ਹੋਏ।