ਪੰਜਾਬ ਦਾ ਰਾਜਨੀਤਿਕ ਖਲਾਅ ਬਹੁਜਨ ਸਮਾਜ ਦੇ ਉਭਾਰ ਲਈ ਸਾਜਗਾਰ – ਜਸਵੀਰ ਸਿੰਘ ਗੜ੍ਹੀ
ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਹਾੜੇ ਮੌਕੇ ਬਸਪਾ ਕਰੇਗੀ 15 ਮਾਰਚ ਨੂੰ ਸੂਬਾ ਪੱਧਰੀ ਵਰਕਰ ਸੰਮੇਲਨ – ਗੜ੍ਹੀ
ਜਲੰਧਰ, 2ਮਾਰਚ(ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ ਵਲੋਂ ਅੱਜ ਸੂਬਾ ਪੱਧਰੀ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਚੰਡੀਗੜ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮਾਮਲਿਆਂ ਦੇ ਕੇਦਰੀ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਬੈਨੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਬਹੁਜਨ ਸਮਾਜ ਦੀ ਰਾਜਨੀਤੀ ਨੂੰ ਮਜ਼ਬੂਤ ਕਰਨ ਲਈ ਮਜ਼ਬੂਤ ਸੰਗਠਨ ਦਾ ਨਿਰਮਾਣ ਹੋਣਾ ਜਰੂਰੀ ਹੈ। ਇਸ ਲਈ ਪੰਜਾਬ ਵਿੱਚ ਸੂਬਾ, ਜਿਲ੍ਹਾ ਤੇ ਵਿਧਾਨ ਸਭਾ ਪੱਧਰ ਦਾ ਸੰਗਠਨ ਮਿਲ ਜੁਲਕੇ ਅਗਲੇ 30 ਦਿਨਾਂ ਵਿਚ ਸੈਕਟਰ ਪੱਧਰ ਦਾ ਸੰਗਠਨ ਤਿਆਰ ਕਰੇਗਾ। ਇਸ ਮੌਕੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਅਸੀ ਤਿੰਨ ਲੜੀ ਵਿਚ ਸੰਗਠਨ ਦਾ ਪ੍ਰੋਗਰਾਮ ਕਰਾਂਗੇ, ਜਿਸ ਵਿਚ ਪਹਿਲਾ ਪ੍ਰੋਗਰਾਮ 15ਮਾਰਚ ਨੂੰ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਮੌਕੇ ਸੂਬਾ ਪੱਧਰੀ ਵਰਕਰ ਸੰਮੇਲਨ ਕੀਤਾ ਜਾਵੇਗਾ। ਦੂਜੀ ਲੜੀ ਵਿਚ ਸੈਕਟਰ ਪੱਧਰ ਦਾ ਸੰਗਠਨ ਬਣਾਉਣ ਦਾ ਪ੍ਰੋਗਰਾਮ 10ਅਪ੍ਰੈਲ ਤੱਕ ਚੱਲੇਗਾ ਅਤੇ 1 ਮਈ ਤੋਂ ਬੂਥ ਕਮੇਟੀਆਂ ਬਨਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਇਸ ਸਮੇਂ ਦੌਰਾਨ ਸੰਗਠਨ ਦੇ ਚੁਣੇ ਗਏ ਅਹੁਦੇਦਾਰਾਂ ਨੂੰ ਟ੍ਰੇਨਿੰਗ ਤੇ ਕੇਡਰ ਕੈਂਪ ਦਾ ਵਿਸੇਸ਼ ਪ੍ਰੋਗਰਾਮ ਵੀ ਨਾਲ ਨਾਲ ਚਲੇਗਾ। ਸ ਗੜ੍ਹੀ ਨੇ ਵਿਸਥਾਰਪੂਰਵਕ ਬੋਲਦਿਆ ਕਿਹਾ ਕਿ ਪੰਜਾਬ ਵਿੱਚ ਰਾਜਨੀਤਿਕ ਖਲਾਅ ਦਾ ਦੌਰ ਚੱਲ ਰਿਹਾ ਹੈ, ਜਿਸ ਤਹਿਤ ਅੱਜ ਸਾਰੇ ਰਾਜਨੀਤਿਕ ਦਲ ਆਪਣੀ ਜਮੀਨ ਤਲਾਸ਼ਣ ਲਈ ਹੱਥ ਪੈਰ ਮਾਰ ਰਹੇ ਹਨ, ਅਜਿਹੇ ਹਾਲਾਤ ਬਹੁਜਨ ਸਮਾਜ ਦੇ ਉਭਾਰ ਲਈ ਸਾਜਗਾਰ ਹਨ। ਕਾਂਗਰਸ ਦੀ ਸਰਕਾਰ ਵਾਂਗ ਹੀ ਆਮ ਆਦਮੀ ਪਾਰਟੀ ਦੀ ਹਕੂਮਤ ਵਿੱਚ ਬਹੁਜਨ ਸਮਾਜ ਨਾਲ ਜੁਲਮ ਤਸਦੱਦ ਤੇ ਕਾਨੂੰਨੀ ਧੱਕੇਸ਼ਾਹੀ ਵਧੀ ਹੈ, ਜਿਸ ਤਹਿਤ ਅਨੂਸੂਚਿਤ ਜਾਤੀਆਂ ਲਈ ਹਾਲੀ ਤੱਕ ਲਾਅ ਅਫਸਰਾਂ ਦੀਆਂ ਪੋਸਟਾਂ ਵਿਚ ਭਰਤੀ ਨਹੀਂ ਹੋਈ, 85ਵੀ ਸੰਵਿਧਾਨਿਕ ਸੋਧ ਲਾਗੂ ਨਹੀਂ ਹੋਈ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਨਹੀਂ, ਰੋਜਗਾਰ ਦੇ ਨਾਮ ਤੇ ਡਰਾਮੇਬਾਜ਼ੀ ਜਾਰੀ ਹੈ। ਪੂਰੇ ਪੰਜਾਬ ਤੋਂ ਬਸਪਾ ਦੀ ਜਿਲ੍ਹਾ ਪੱਧਰੀ ਲੀਡਰਸ਼ਿਪ ਮੀਟਿੰਗ ਵਿੱਚ ਸ਼ਾਮਿਲ ਹੋਈ। ਹਾਲਾਂਕਿ 1 ਮਾਰਚ ਨੂੰ ਬਸਪਾ ਪੰਜਾਬ ਪ੍ਰਧਾਨ ਦੀ ਅਗਵਾਈ ਵਿੱਚ ਲੋਕ ਸਭਾ ਜਲੰਧਰ ਦੀ ਮੀਟਿੰਗ ਹੋਈ ਸੀ, ਜਿਸ ਤਹਿਤ ਲੋਕ ਸਭਾ ਦੀ ਉਪਚੋਣ ਤੇ 15 ਮਾਰਚ ਦੇ ਵਰਕਰ ਸੰਮੇਲਨ ਦੀ ਰੂਪ ਰੇਖਾ ਤੇ ਵਿਸਥਾਰ ਸਹਿਤ ਗੁਪਤ ਰੂਪ ਵਿਚ ਚਰਚਾ ਵੀ ਹੋਈ ਸੀ।
ਮੀਟਿੰਗ ਨੂੰ ਵਿਸੇਸ਼ ਤੌਰ ਤੇ ਪੰਜਾਬ ਦੇ ਸੂਬਾਈ ਇੰਚਾਰਜ ਸ਼੍ਰੀ ਅਵਤਾਰ ਸਿੰਘ ਕਰੀਮਪੁਰੀ, ਵਿਧਾਇਕ ਨਛੱਤਰ ਪਾਲ, ਅਜੀਤ ਸਿੰਘ ਭੈਣੀ, ਉਪ ਪ੍ਰਧਾਨ ਸ਼੍ਰੀ ਬਲਦੇਵ ਸਿੰਘ ਮਹਿਰਾ, ਜਨਰਲ ਸਕੱਤਰ ਲਾਲ ਸਿੰਘ ਸੁਲਹਾਣੀ, ਬਲਵਿੰਦਰ ਕੁਮਾਰ ਨੇ ਵੀ ਸੰਬੋਧਨ ਕੀਤਾ।