ਚੰਡੀਗੜ, 24 ਸਤੰਬਰ : ਪੰਜਾਬ ਵਿਚ ਲਗਾਤਾਰ ਤਿੰਨ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਸੂਬੇ ਵਿਚ ਸਥਿਤੀ ਨੂੰ ਕਾਫੀ ਗੰਭੀਰ ਬਣਾ ਦਿੱਤਾ ਹੈ। ਪੰਜਾਬ ਵਿਚ ਭਾਰੀ ਮੀਂਹ ਕਾਰਨ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਸਾਰੇ ਜਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਚੌਕਸ ਕਰ ਦਿੱਤਾ ਹੈ।
ਇਸ ਦੌਰਾਨ ਅੱਜ ਸਾਰਾ ਦਿਨ ਪੰਜਾਬ ਵਿਚ ਬਾਰਿਸ਼ ਜਾਰੀ ਰਹੀ, ਜਿਸ ਕਾਰਨ ਸੜਕਾਂ ਨੇ ਨਦੀਆਂ ਦਾ ਰੂਪ ਧਾਰਨ ਕਰ ਲਿਆ। ਸੜਕਾਂ ਉਤੇ ਪਾਣੀ ਜਮਾਂ ਹੋਣ ਕਾਰਨ ਵਾਹਨ ਚਾਲਕ ਬੇਵੱਸ ਨਜ਼ਰ ਆਏ ਅਤੇ ਸੂਬੇ ਵਿਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਦੂਸਰੇ ਪਾਸੇ ਇਸ ਬਾਰਿਸ਼ ਕਾਰਨ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੋਇਆ ਹੈ। ਭਾਰੀ ਬਾਰਿਸ਼ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਵੱਡਾ ਨੁਕਸਾਨ ਪੁੱਜਾ ਹੈ।
ਇਸ ਦੌਰਾਨ ਪੰਜਾਬ ਦੇ ਕਈ ਜ਼ਿਲਿਆਂ ਵਿਚ ਵਿਦਿਅਕ ਅਦਾਰਿਆਂ ਨੂੰ ਅੱਜ ਅਤੇ ਕੱਲ੍ਹ ਮੰਗਲਵਾਰ ਦੀ ਛੁੱਟੀ ਐਲਾਨ ਦਿੱਤੀ ਗਈ ਹੈ।