ਪੰਚਾਇਤ ਮੰਤਰੀ ਵੱਲੋਂ ਕਬਜ਼ਾ ਛੁਡਾਊ ਮੁਹਿੰਮ ਜਾਰੀ
ਹੁਣ ਅਮ੍ਰਿਤਸਰ ਵਿਖੇ 10 ਕਿੱਲੇ ਦੇ ਕਰੀਬ ਪੰਚਾਇਤੀ ਜ਼ਮੀਨ ਕਰਵਾਈ ਕਬਜ਼ਾ ਮੁਕਤ
ਕਬਜ਼ਾ ਖਾਲੀ ਕਰਵਾਉਣ ਖੁਦ ਜਾਂਦੇ ਨੇ ਕੁਲਦੀਪ ਸਿੰਘ ਧਾਲੀਵਾਲ
ਪੜ੍ਹ ਲਓ ਅੱਜ ਕਿਥੇ ਕਬਜ਼ਾ ਧਾਰੀਆਂ ਤੋਂ ਕਬਜ਼ਾ ਖਾਲੀ ਕਰਵਾਇਆ ਪੰਚਾਇਤ ਮੰਤਰੀ ਨੇ
ਰਾਜਾਸਾਂਸੀ, 30 ਅਪ੍ਰੈਲ (ਵਿਸ਼ਵ ਵਾਰਤਾ) – ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬਲਾਕ ਚੋਗਾਵਾਂ ਦੇ ਸਰਹੱਦੀ ਪਿੰਡ ਭਿੰਡੀ ਔਲਖ ਖੁਰਦ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਮਿਲ ਕੇ ਹਿੰਮਤ ਅਤੇ ਸੂਝਬੂਝ ਨਾਲ ਹਿੰਦ-ਪਾਕਿ ਬਾਰਡਰ ਦੇ ਨੇੜੇ ਪੌਣੇ 10 ਕਿੱਲੇ ( 77 ਕਨਾਲਾਂ 7 ਮਰਲੇ ) ਪੰਚਾਇਤੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ। ਇਸ ਕਾਰਵਾਈ ਦੇ ਨਾਲ ਅੱਜ ਪੌਣੇ ਦੱਸ ਏਕੜ ਜ਼ਮੀਨ ਪੰਜਾਬ ਸਰਕਾਰ ਦੀ ਬਣ ਗਈ।
ਇਸ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਨਾਲ ਆਪ ਆਗੂ ਹਲਕਾ ਰਾਜਾਸਾਂਸੀ ਦੇ ਸਿਰਕੱਢ ਆਗੂ ਬਲਦੇਵ ਸਿੰਘ ਮਿਆਦੀਆਂ, ਏ਼ ਡੀ ਸੀ ਰਣਬੀਰ ਸਿੰਘ ਮੂਧਲ, ਡੀਡੀਪੀਓ ਇਕਬਾਲਜੀਤ ਸਿੰਘ, ਬਲਾਕ ਚੋਗਾਵਾਂ ਦੇ ਬੀਡੀਪੀਓ ਸਿਤਾਰਾ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।























