ਪ੍ਰਸ਼ਨ ਕਾਲ
ਭਲਾਈ ਸਕੀਮਾਂ ਲਈ ਸਰਪੰਚ ਮੋਹਰ ਨਾ ਲਗਾਏ ਤਾਂ ਰਸਤਾ ਕੱਢੇਗੀ ਸਰਕਾਰ-ਰਜ਼ੀਆ ਸੁਲਤਾਨਾ
‘ਆਪ’ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਉਠਾਇਆ ਸੀ ਪਖਾਨਿਆਂ ਦਾ ਮੁੱਦਾ
ਚੰਡੀਗੜ੍ਹ, 3 ਮਾਰਚ 2020
ਬੁਢਲਾਡਾ ਤੋਂ ‘ਆਪ’ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਹਲਕੇ ‘ਚ ਗ਼ਰੀਬਾਂ ਲਈ ਪਖਾਨੇ ਬਣਾਉਣ ਲਈ ਵਿੱਤੀ ਲਾਭ ਦੇਣ ਸੰਬੰਧੀ ਸਵਾਲ ‘ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਭਰੋਸਾ ਦਿੱਤਾ ਕਿ ਜੇਕਰ ਕਿਸੇ ਪਿੰਡ ਦਾ ਸਰਪੰਚ ਲਾਭਪਾਤਰੀ ਦੇ ਫਾਰਮ ‘ਤੇ ਕਿਸੇ ਕਾਰਨ ਵੱਸ ਮੋਹਰ (ਤਸਦੀਕ) ਨਹੀਂ ਲਗਾਉਂਦਾ, ਤਾਂ ਇਸ ਸਥਿਤੀ ਦੇ ਹੱਲ ਲਈ ਸਰਕਾਰ ਰਸਤਾ ਕੱਢੇਗੀ। ਪ੍ਰਿੰਸੀਪਲ ਬੁੱਧ ਰਾਮ ਨੇ ਰੱਲੀ ਪਿੰਡ ਦੇ ਸਰਪੰਚ ਦੇ ਹਵਾਲੇ ਨਾਲ ਦੱਸਿਆ ਕਿ ਪਿੰਡਾਂ ‘ਚ ਪਾਰਟੀਬਾਜ਼ੀ ਜਾ ਨਿੱਜੀ ਰੰਜਸ਼ ਕਾਰਨ ਸਰਪੰਚ ਫਾਰਮ ਤਸਦੀਕ ਨਹੀਂ ਕਰਦੇ। ਇਸ ‘ਤੇ ਸਪੀਕਰ ਰਾਣਾ ਕੇਪੀ ਸਿੰਘ ਨੇ ਦਖ਼ਲ ਦਿੰਦਿਆਂ ਸੰਬੰਧਿਤ ਮੰਤਰੀ ਨੂੰ ਅਜਿਹੀ ਸਥਿਤੀ ਦਾ ਹੱਲ ਕੱਢਣ ਲਈ ਕਿਹਾ ਸੀ। ਜਿਸ ਦਾ ਭਰੋਸਾ ਮੰਤਰੀ ਨੇ ਦਿੱਤਾ।
ਪ੍ਰਿੰਸੀਪਲ ਬੁੱਧ ਰਾਮ ਨੇ ਇਹ ਵੀ ਦੱਸਿਆ ਕਿ ਬੁਢਲਾਡਾ ਹਲਕੇ ਦੇ ਸਾਰੇ ਪਿੰਡਾਂ ਲਈ ਯੋਜਨਾ ਆ ਚੁੱਕੀ ਹੈ, ਪਰ ਪੈਸੇ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ 12 ਪਿੰਡਾਂ ‘ਚ ਉਹ ਆਪਣੇ ਪੱਧਰ ‘ਤੇ ਪਤਾ ਕਰ ਚੁੱਕੇ ਹਨ ਪਰੰਤੂ ਉੱਥੇ ਕੋਈ ਵਿੱਤੀ ਲਾਭ ਇਸ ਯੋਜਨਾ ਲਈ ਨਹੀਂ ਮਿਲਿਆ।
ਵਿਧਾਇਕ ਰੂਬੀ ਨੂੰ ਵਿੱਤ ਮੰਤਰੀ ਦਾ ਭਰੋਸਾ, ਬੰਬੀਹਾ ਮੰਡੀ ਨੂੰ ਮਿਲੇਗੀ ਪੱਕੀ ਸੜਕ
ਚੰਡੀਗੜ੍ਹ- ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਬੰਬੀਹਾ ਅਨਾਜ ਮੰਡੀ ਨੂੰ ਆਲੇ-ਦੁਆਲੇ ਦੇ ਪਿੰਡਾਂ ਤੋਂ ਜਾਂਦੇ ਕੱਚੇ ਰਸਤੇ ਬਾਰੇ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੜਕ ਬਣਾਉਣ ਬਾਰੇ ਭਰੋਸਾ ਦਿੱਤਾ ਹੈ।
ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਹਲਕਾ ਖੇਤੀ ਪ੍ਰਧਾਨ ਹਲਕਾ ਹੈ। ਪਿੰਡ ਚੱਕ ਅਤਰ ਸਿੰਘ ਵਾਲਾ ਅਤੇ ਨੰਦਗੜ੍ਹ, ਬਾਚਕ, ਜੰਡੀਆਂ, ਦਾਨੇ ਕਾ ਚੱਕ, ਧੁਨੀਕੇ ਆਦਿ ਪਿੰਡਾਂ ਤੋਂ ਬੰਬੀਹਾ ਅਨਾਜ ਮੰਡੀ ਨੂੰ ਜਾਂਦੇ ਰਸਤੇ ਕੱਚੇ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।