ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੇ ਦਵਿੰਦਰਜੀਤ ਸਿੰਘ ਦਰਸ਼ੀ ਅਤੇ ਵਿਸ਼ਵ ਵਾਰਤਾ ਅਦਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 26ਅਪ੍ਰੈਲ(ਵਿਸ਼ਵ ਵਾਰਤਾ)- ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੰਗਲਵਾਰ ਸ਼ਾਮ ਨੂੰ ਅਕਾਲ ਚਲਾਣਾ ਕਰ ਗਏ ਹਨ। 95 ਸਾਲ ਦੇ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ।
ਵਿਸ਼ਵ ਵਾਰਤਾ ਦੇ ਮੁੱਖ ਸੰਪਾਦਕ ਦਵਿੰਦਰਜੀਤ ਸਿੰਘ ਦਰਸ਼ੀ ਨੇ ਉੱਘੇ ਸਿਆਸੀ ਆਗੂ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲ ਚਲਾਣਾ ਕਰ ਜਾਣਾ ਸਿਰਫ਼ ਪਰਿਵਾਰ ਲਈ ਹੀ ਨਹੀਂ ਸਗੋਂ ਸੂਬੇ ਅਤੇ ਸਮੁੱਚੇ ਦੇਸ਼ ਲਈ ਘਾਟਾ ਹੈ। ਸਰਦਾਰ ਬਾਦਲ ਇੱਕ ਮਹਾਨ ਨੇਤਾ ਸਨ। ਉਹਨਾਂ ਦੀ ਅਣਹੋਂਦ ਲੰਬੇ ਸਮੇਂ ਤੱਕ ਮਹਿਸੂਸ ਕੀਤੀ ਜਾਵੇਗੀ ਅਤੇ ਪੈਦਾ ਹੋਈ ਖਾਲੀ ਥਾਂ ਨੂੰ ਭਰਨਾ ਮੁਸ਼ਕਲ ਹੋਵੇਗਾ। ਮੇਰੀਆਂ ਸੰਵੇਦਨਾਵਾਂ ਪਰਿਵਾਰ ਦੇ ਨਾਲ ਹਨ, ਪ੍ਰਮਾਤਮਾ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ੇ।
ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ ਦਾ ਪਾਰਥੀਵ ਸ਼ਰੀਰ ਅੱਜ 10 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਸੈਕਟਰ 28, ਚੰਡੀਗੜ੍ਹ ਵਿੱਖੇ ਸਮੂਹ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਉਸ ਉਪਰੰਤ 12 ਵਜੇ ਕਾਫ਼ਲੇ ਦੇ ਰੂਪ ਵਿੱਚ ਪਿੰਡ ਬਾਦਲ ਲਈ ਵਾਇਆ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਬਠਿੰਡਾ ਰਵਾਨਾ ਹੋਵੇਗਾ। ਉਹਨਾਂ ਦਾ ਅੰਤਿਮ ਸੰਸਕਾਰ 27 ਅਪ੍ਰੈਲ 2023, ਦਿਨ ਵੀਰਵਾਰ ਦੁਪਹਿਰ 1 ਵਜੇ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ|