ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਫਰੀਦਕੋਟ ਅਦਾਲਤ ‘ਚ ਪੇਸ਼ੀ ਅੱਜ
ਕੋਟਕਪੂਰਾ ਗੋਲੀਕਾਂਡ ‘ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਸਣੇ 8 ਲੋਕਾਂ ਨੂੰ ਕੀਤਾ ਗਿਆ ਹੈ ਤਲਬ
ਚੰਡੀਗੜ੍ਹ,23ਮਾਰਚ(ਵਿਸ਼ਵ ਵਾਰਤਾ)-ਫਰੀਦਕੋਟ ਦੀ ਅਦਾਲਤ ਵੱਲੋਂ ਕੋਟਕਪੂਰਾ ਗੋਲੀਕਾਂਡ ‘ਚ ਪੇਸ਼ ਕੀਤੀ ਗਈ ਚਾਰਜਸ਼ੀਟ ‘ਤੇ ਸੁਣਵਾਈ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ , ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ ਇਲਾਵਾ 5 ਪੁਲਿਸ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ। ਜੋ ਅੱਜ 23ਮਾਰਚ ਨੂੰ ਆਪਣਾ ਪੱਖ ਰੱਖਣ ਲਈ ਅਦਾਲਤ ‘ਚ ਪੇਸ਼ ਹੋਣਗੇ।
ਦੱਸ ਦੇਈਏ ਕਿ ਸਾਲ 2015 ਦੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐਸਆਈਟੀ ਨੇ ਫਰੀਦਕੋਟ ਦੇ ਜੇਐਮਆਈਸੀ ਅਜੈਪਾਲ ਸਿੰਘ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਐਸਆਈਟੀ ਮੁਖੀ ਏਡੀਜੀਪੀ ਐਲਕੇ ਯਾਦਵ ਅਤੇ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਾਲੀ SIT ਵੱਲੋਂ 24 ਫਰਵਰੀ ਨੂੰ ਫਰੀਦਕੋਟ ਅਦਾਲਤ ਵਿੱਚ 7000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਸ ਚਾਰਜਸ਼ੀਟ ਵਿੱਚ ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ , ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਣੇ ਤਤਕਾਲੀ ਆਈਜੀ ਪਰਮਰਾਜ ਉਮਰਾਨੰਗਲ, ਐਸਐਸਪੀ ਮੋਗਾ ਚਰਨਜੀਤ ਸ਼ਰਮਾ, ਐਸਐਸਪੀ ਫਰੀਦਕੋਟ ਸੁਖਮੰਦਰ ਮਾਨ, ਡੀਆਈਜੀ ਫ਼ਿਰੋਜ਼ਪੁਰ ਅਮਰ ਸਿੰਘ ਚਾਹਲ ਤੇ ਤਤਕਾਲੀ ਐਸਐਚਓ ਸਿਟੀ ਕੋਟਕਪੂਰਾ ਗੁਰਦੀਪ ਸਿੰਘ ਦੇ ਨਾਮ ਸ਼ਾਮਲ ਸਨ।