ਕੈਪਟਨ ਸਰਕਾਰ ਦਾ ਅਨੁਸੂਚਿਤ ਜਾਤਾਂ ਦੇ ਵਿਰੋਧੀ ਚੇਹਰਾ ਬੇਪਰਦਾ ਹੋਇਆ — ਕੈਂਥ
“ਝੂਠੇ ਦਰਜ ਕੇਸ ਨੂੰ ਰੱਦ ਕੀਤਾ ਜਾਵੇ,ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਮੁੱਖ ਮੰਤਰੀ ਅਮਰਿੰਦਰ ਸਿੰਘ”
ਚੰਡੀਗੜ੍ਹ, ਦਸੰਬਰ 22 ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਨੁਸੂਚਿਤ ਜਾਤੀਆਂ ਨਾਲ ਧੱਕੇਸ਼ਾਹੀ ਅਤੇ ਗੁੰਡਾਗਰਦੀ ਨੂੰ ਉਤਸ਼ਾਹਿਤ ਕਰ ਰਹੀ ਹੈ, ਸੈਕਟਰ 25 ਦੇ ਰੈਲੀ ਗਰਾਊਂਡ ਚੰਡੀਗੜ੍ਹ ਵਿੱਚ ਧਰਨਾ ਤੇ ਸੰਕੇਤਕ ਭੁੱਖ ਹੜਤਾਲ ਉਤੇ ਦੂਜੇ ਦਿਨ ਬੈਠੇ ਧਰਨਾਕਾਰੀਆਂ ਨੂੰ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਸੰਬੋਧਨ ਕਰਦਿਆਂ ਕਿਹਾ।
ਉਹਨਾਂ ਦੋਸ਼ ਲਗਾਇਆ ਕਿ ਹਲਕੇ ਦੇ ਵਿਧਾਇਕ ਨਿਰਮਲ ਸਿੰਘ ਸ਼ਤਰਾਣਾ ਪੁਲਿਸ ਦਾ ਗਲਤ ਇਸਤੇਮਾਲ ਕਰਕੇ ਗਰੀਬ ਪਰਿਵਾਰਾਂ ਨਾਲ ਧੱਕੇਸ਼ਾਹੀ, ਦਹਿਸ਼ਤ ਅਤੇ ਗੁੰਡਾਗਰਦੀ ਕਰਕੇ ਝੂਠੇ ਪੁਲਿਸ ਕੇਸਾਂ ਵਿੱਚ ਫਸਾਉਣ ਰਾਜਨੀਤ ਦੀ ਕਰ ਰਿਹਾ ਹੈ, ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਇਸ ਨੀਤੀ ਦਾ ਡਟਵਾਂ ਵਿਰੋਧ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦਾ ਗ੍ਰਹਿ ਵਿਭਾਗ ਅਤਾਲਾਂ ਅਤੇ ਸ਼ੇਰਗੜ੍ਹ ਦੇ ਅਨੁਸੂਚਿਤ ਜਾਤੀਆਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਹੋ ਗਿਆ ਹੈ।
ਸ੍ਰ ਕੈਂਥ ਨੇ ਕਿਹਾ ਕਿ ਪੁਲਿਸ ਦਾ ਰਾਜਨੀਤਕਕਰਨ ਹੋਣ ਕਾਰਨ ਪੰਜਾਬ ਵਿੱਚ ਅਮਨ ਕਾਨੂੰਨ ਦੇ ਹਾਲਤ ਦਿਨ ਪ੍ਰਤੀ ਦਿਨ ਖਰਾਬ ਹੋ ਰਹੇ ਹਨ,ਖਾਸ ਕਰ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਹਨਾਂ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਅਨੁਸੂਚਿਤ ਜਾਤੀ ਦੇ ਵਰਗਾਂ ਨਾਲ ਜਾਤੀ ਦੇ ਅਧਾਰ ਉਤੇ ਹਮਲਾ ਕਰਕੇ ਅਨਿਆਏ ਅੱਤਿਆਚਾਰਾਂ ਤੇ ਵਿਤਕਰੇ ਦਾ ਸ਼ਿਕਾਰ ਬਣਾਇਆ ਜਾਂਦਾ ਹੈ ,ਉਨ੍ਹਾਂ ਦੀ ਸ਼ਾਸਨ ਪ੍ਰਸ਼ਾਸਨ ਵਿੱਚ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ, ਸਗੋ ਡਰ ਤੇ ਦਹਿਸ਼ਤ ਦੇ ਮਾਹੌਲ ਵਿੱਚ ਜੀਵਨ ਗੁਜ਼ਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਕੈਂਥ ਨੇ ਨਾਲ ਹੀ ਕਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ—ਭਾਜਪਾ ਗਠਜੋੜ ਤੇ ਇਸ ਦੇ ਨਾਲੋਂ ਨਾਲ ਹੀ ਰਾਜ ਭਾਗ ਦਾ ਸੁੱਖ ਭੋਗ ਰਹੀ ਕਾਂਗਰਸ ਪਾਰਟੀ ਦੀ ਸਰਕਾਰ, ਅਨੁਸੂਚਿਤ ਜਾਤਾਂ ਦੇ ਭਾਈਚਾਰੇ ਦਾ ਇਸਤੇਮਾਲ ਕੇਵਲ ਆਪਣੇ ਸਿਆਸੀ ਮੁਫਾਦਾਂ ਦੀ ਖਾਤਰ ਇੱਕ ਵੋਟ ਬੈਂਕ ਦੇ ਤੌਰ ਤੇ ਵਰਤ ਰਹੇ ਹਨ ਤੇ ਇਹਨਾਂ ਸਾਰਿਆਂ ਦੇ ਵਲੋਂ ਪੰਜਾਬ ਅੰਦਰ ਕਾਂਗਰਸ ਤੇ ਆਮ ਆਦਮੀ ਪਾਰਟੀ ਅਤੇ ਅਕਾਲੀ—ਭਾਜਪਾ ਸਰਕਾਰ ਅਨੁਸੂਚਿਤ ਜਾਤਾਂ ਦੇ ਅੰਦਰ ਆਪੋ ਆਪਣੀ ਇਹੋ ਜਹੀ ਡੰਮੀ ਲੀਡਰਸ਼ਿਪ ਖੜੀ ਕੀਤੀ ਗਈ ਹੈ ਜੋ ਕਿ ਕਿਸੇ ਵੀ ਮਾਮਲੇ ਦੇ ਉਪਰ ਆਪਣੀ ਪਾਰਟੀ ਲੀਡਰਸ਼ਿਪ ਦੇ ਮੂਹਰੇ ਅਨੁਸੂਚਿਤ ਜਾਤਾਂ ਦੀ ਕਿਸੇ ਵੀ ਮੰਗ ਨੂੰ ਲੈਕੇ ਜੁਬਾਨ ਤੱਕ ਨਹੀਂ ਖੋਲਦੇ ਤੇ ਕੇਵਲ ਤੇ ਕੇਵਲ ਮੂਕ ਦਰਸ਼ਕ ਬਣ ਕੇ ਸਮਾਂ ਕੱਢ ਰਹੇ ਹਨ।