ਨਿੱਜੀ ਹਸਪਤਾਲ ਵਿਚ ਹੋਈਆਂ ਮੌਤਾਂ ਦੀ ਜਾਂਚ ਲਈ ਟੀਮ ਗਠਿਤ-ਸੋਨੀ
48 ਘੰਟਿਆਂ ਵਿਚ ਟੀਮ ਦੇਵੇਗੀ ਰਿਪੋਰਟ
–ਜੋ ਵੀ ਦੋਸ਼ੀ ਹੋਇਆ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ
–ਹਸਪਤਾਲ ਨੇ ਦੇਰ ਰਾਤ ਤੱਕ ਵੀ ਆਕਸੀਜਨ ਦੀ ਮੰਗ ਨਹੀਂ ਕੀਤੀ

ਅੰਮਿ੍ਰਤਸਰ, 24 ਅਪ੍ਰੈਲ (ਵਿਸ਼ਵ ਵਾਰਤਾ)-ਅੰਮਿ੍ਰਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਆਕਸੀਜਨ ਦੀ ਕਮੀ ਕਾਰਨ ਦੇਰ ਰਾਤ ਹੋਈਆਂ 6 ਮੌਤਾਂ ਉਤੇ ਗਹਿਰਾ ਦੁੱਖ ਪ੍ਰਗਟਾਉਂਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਕਿਹਾ ਕਿ ਜੇਕਰ ਹਸਪਤਾਲ ਦੇ ਪ੍ਰਬੰਧਕ ਆਕਸੀਜਨ ਦੀ ਕਮੀ ਬਾਰੇ ਰਾਤ ਵੀ ਸਾਡੇ ਧਿਆਨ ਵਿਚ ਲਿਆ ਦਿੰਦੇ ਤਾਂ ਅਸੀਂ ਇਹ ਮੌਕਾ ਨਾ ਆਉਣ ਦਿੰਦੇ। ਸ੍ਰੀ ਸੋਨੀ ਨੇ ਕਿਹਾ ਕਿ ਰਾਤ ਹੀ ਗੁਰੂ ਨਾਨਕ ਮੈਡੀਕਲ ਕਾਲਜ ਅਤੇ ਅੰਮਿ੍ਰਤਸਰ ਦੇ ਇਕ ਹੋਰ ਨਿੱਜੀ ਹਸਪਤਾਲ ਵਿਚ ਆਕਸੀਜਨ ਦੀ ਕਮੀ ਆਈ ਸੀ, ਜਿਸ ਨੂੰ ਮੈਂ ਜਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਰਾਤ ਡੇਢ ਵਜੇ ਤੱਕ ਸਮਾਂ ਲਗਾ ਕੇ ਪੂਰਾ ਕਰ ਕੀਤਾ। ਉਨਾਂ ਕਿਹਾ ਕਿ ਮੈਂ ਇਸ ਬਾਬਤ ਅੱਧੀ ਰਾਤ ਤੱਕ ਮੁੱਖ ਸਕੱਤਰ ਪੰਜਾਬ ਦੇ ਨਾਲ ਫੋਨ ਉਤੇ ਸੰਪਰਕ ਵਿਚ ਰਿਹਾ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹਰੇਕ ਮਰੀਜ਼ ਦੀ ਜਾਨ ਬਚਾਉਣ ਲਈ ਹੈ, ਚਾਹੇ ਉਹ ਸਰਕਾਰੀ ਹਸਪਤਾਲ ਵਿਚ ਦਾਖਲ ਹੋਵੇ ਜਾਂ ਨਿੱਜੀ। ਸ੍ਰੀ ਸੋਨੀ ਨੇ ਕਿਹਾ ਕਿ ਰਾਤ ਉਕਤ ਹਸਪਤਾਲ ਵਿਚ ਜੋ ਵੀ ਹੋਇਆ ਉਹ ਪਹਿਲੀ ਨਜ਼ਰੇ ਹਸਪਤਾਲ ਪ੍ਰਬੰਧਕਾਂ ਦੀ ਅਣਗਿਹਲੀ ਮਹਿਸੂਸ ਹੋ ਰਹੀ ਹੈ, ਪਰ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਦੀ ਜਾਂਚ ਲਈ ਪੀ ਸੀ ਐਸ ਅਧਿਕਾਰੀ ਸ੍ਰੀ ਰਜਤ ਉਬਰਾਏ ਅਤੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਹੈ, ਜੋ ਕਿ ਅੱਜ ਵੀ ਉਕਤ ਹਸਪਤਾਲ ਵਿਚ ਜਾਂਚ ਕਰਕੇ ਆਏ ਹਨ। ਸ੍ਰੀ ਸੋਨੀ ਨੇ ਕਿਹਾ ਕਿ ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਆਕਸੀਜਨ ਦੀ ਸਪਲਾਈ ਵਿਚ ਪੂਰੇ ਦੇਸ਼ ਦੀ ਤਰਾਂ ਸਾਡੇ ਵੀ ਵੱਡੀ ਕਮੀ ਹੈ ਅਤੇ ਕੇਵਲ ਸਾਡੀਆਂ ਮੈਡੀਕਲ ਲੋੜਾਂ ਹੀ ਪੂਰੀਆਂ ਹੋ ਰਹੀਆਂ ਹਨ, ਇਸ ਵਾਸਤੇ ਸਾਰੇ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਦੀ ਵਾਧੂ ਵਰਤੋਂ ਨੂੰ ਬੰਦ ਕਰਨ ਤੇ ਕੇਵਲ ਲੋੜ ਵੇਲੇ ਹੀ ਆਕਸੀਜਨ ਦੀ ਵਰਤੋਂ ਕੀਤੀ ਜਾਵੇ। ਸ੍ਰੀ ਸੋਨੀ ਨੇ ਸਾਰੇ ਨਿੱਜੀ ਹਸਪਤਾਲਾਂ ਨੂੰ ਸਪੱਸ਼ਟ ਕੀਤਾ ਕਿ ਜੇਕਰ ਤੁਹਾਡੇ ਕੋਲ ਇਲਾਜ ਲਈ ਸਾਧਨ ਪੂਰੇ ਨਹੀਂ ਤਾਂ ਤੁਸੀਂ ਮਰੀਜਾਂ ਨੂੰ ਗੁਰੂ ਨਾਨਕ ਮੈਡੀਕਲ ਕਾਲਜ ਵਿਚ ਤਬਦੀਲ ਕਰ ਦਿਓ, ਸਾਡੇ ਕੋਲ 250 ਤੋਂ ਵੱਧ ਬੈਡ ਅਜੇ ਵੀ ਖਾਲੀ ਪਏ ਹਨ।
ਇਸ ਮੌਕੇ ਸੰਸਦ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਵੀ ਆਕਸੀਜਨ ਦੀ ਸਪਲਾਈ ਉਤੇ ਚਿੰਤਾ ਜ਼ਾਹਿਰ ਕਰਦੇ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੰਦੇ ਕਿਹਾ ਕਿ ਤੁਸੀਂ ਇਸ ਦੀ ਵਰਤੋਂ ਅਤੇ ਵੰਡ ਦਾ ਸਹੀ ਕੰਟਰੋਲ ਰੱਖੋ, ਮੈਂ ਕੇਂਦਰ ਦੇ ਸਿਹਤ ਮੰਤਰੀ ਕੋਲੋਂ ਪੰਜਾਬ ਲਈ ਹੋਰ ਕੋਟੇ ਦੀ ਮੰਗ ਕਰਦਾ ਹਾਂ ਕਿਉਂਕਿ ਆਕਸੀਜਨ ਬਨਾਉਣ ਦਾ ਮੁੱਖ ਸਾਧਨ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਹੀ ਹਨ, ਜਿਥੋਂ ਸਾਰੇ ਦੇਸ਼ ਨੂੰ ਇਸ ਦੀ ਸਪਲਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ, ਨਿੱਜੀ ਹਸਪਤਾਲ ਵਿਚ ਮਰੇ ਮਰੀਜਾਂ ਵਿਚੋਂ 4 ਕੋਰੋਨਾ ਦੇ ਅਤੇ 2 ਹੋਰ ਬਿਮਾਰੀਆਂ ਦੇ ਪੀੜਤ ਸਨ। ਹਸਪਤਾਲ ਕੋਲ ਸਟਾਕ ਵਿਚ 30 ਸਿਲੰਡਰ ਸਨ, ਪਰ ਉਹ 5 ਸਿਲੰਡਰਾਂ ਨਾਲ ਹੀ ਆਪਣਾ ਕੰਮ ਚਲਾ ਰਿਹਾ ਸੀ। ਉਨਾਂ ਕਿਹਾ ਕਿ ਹਸਪਤਾਲ ਦੀ ਵੱਡੀ ਅਣਗਿਹਲੀ ਇਹ ਹੈ ਕਿ ਇਸ ਨੇ ਆਕਸੀਜਨ ਦੀ ਕਮੀ ਵਰਗਾ ਗੰਭੀਰ ਮੁੱਦਾ ਸਾਡੇ ਨਾਲ ਸਾਂਝਾ ਤੱਕ ਨਹੀਂ ਕੀਤਾ। ਉਨਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਸਾਰੀਆਂ ਮੌਤਾਂ ਰਾਤ ਕਰੀਬ ਡੇਢ ਵਜੇ ਤੋਂ ਤਿੰਨ ਵਜੇ ਦਰਮਿਆਨ ਹੋਈਆਂ। ਉਨਾਂ ਦੱਸਿਆ ਕਿ ਅਸੀਂ ਆਕਸੀਜਨ ਦੀ ਕਿਲਤ ਵਿਚ ਸਾਰੇ ਹਸਪਤਾਲਾਂ ਨੂੰ ਉਨਾਂ ਦੀ ਲੋੜ ਅਨਸੁਾਰ ਆਕਸੀਜਨ ਮੁਹੱਈਆ ਕਰਵਾ ਰਹੇ ਹਾਂ ਤੇ ਕੱਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮੀਟਿੰਗ ਵਿਚ ਵੀ ਡਾਕਟਰਾਂ ਨੂੰ ਸਪੱਸ਼ਟ ਕੀਤਾ ਗਿਆ ਸੀ ਤੁਸੀਂ ਆਪਣੇ-ਆਪਣੇ ਆਕਸੀਜਨ ਸਪਲਾਈ ਕਰਤਾ ਨਾਲ ਸੰਪਰਕ ਰੱਖੋ ਅਤੇ ਇਹ ਡਾਟਾ ਸਾਡੇ ਨਾਲ ਸਾਂਝਾ ਕਰਦੇ ਰਹੋ। ਇਸ ਤੋਂ ਇਲਾਵਾ ਵੀ ਜੇਕਰ ਕੋਈ ਪਰੇਸ਼ਾਨੀ ਆਵੇ ਤਾਂ ਮੇਰੇ ਧਿਆਨ ਵਿਚ ਲਿਆਉ। ਉਨਾਂ ਦੱਸਿਆ ਕਿ ਅਸਂੀਂ ਅੰਮਿ੍ਰਤਸਰ ਵਿਚ ਚੱਲਦੇ ਆਕਸੀਜਨ ਪਲਾਟਾਂ ਤੋਂ ਸਨਅਤੀ ਸਪਲਾਈ ਸਖਤੀ ਨਾਲ ਰੋਕ ਦਿੱਤੀ ਹੈ ਅਤੇ ਸਪਲਾਈ ਉਤੇ ਨਿਗ੍ਹਾ ਰੱਖਣ ਲਈ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ, ਜੋ ਕਿ ਹਰੇਕ ਸਿਲੰਡਰ ਉਤੇ ਨਿਗ੍ਹਾ ਰੱਖ ਰਹੇ ਹਨ।
ਸ. ਖਹਿਰਾ ਨੇ ਦੱਸਿਆ ਕਿ ਅਸੀਂ ਗੁਰੂ ਨਾਨਕ ਹਸਪਤਾਲ ਨੂੰ ਕੇਵਲ ਕੋਰੋਨਾ ਮਰੀਜਾਂ ਲਈ ਰਾਖਵਾਂ ਕਰ ਦਿੱਤਾ ਹੈ ਅਤੇ ਸਿਵਲ ਹਸਪਤਾਲ ਨੂੰ ਹੋਰ ਦੂਸਰੀਆਂ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਵੇਗਾ। ਮੀਟਿੰਗ ਵਿਚ ਮੇਅਰ ਸ. ਕਰਮਜੀਤ ਸਿੰਘ ਰਿੰਟੂ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਸ੍ਰੀ ਸੁਨੀਲ ਦੱਤੀ, ਸ. ਇੰਦਰਬੀਰ ਸਿੰਘ ਬੁਲਾਰੀਆ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਮੁੱਖ ਪ੍ਰਸ਼ਾਸ਼ਕ ਪੁੱਡਾ ਸ੍ਰੀਮਤੀ ਪਲਵੀ ਚੌਧਰੀ, ਵਧੀਕ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਸ੍ਰੀ ਰਜਤ ਉਬਰਾਏ, ਪਿ੍ਰੰਸੀਪਲ ਸ੍ਰੀ ਰਾਜੀਵ ਦੇਵਗਨ, ਸਿਵਲ ਸਰਜਨ ਡਾ. ਚਰਨਜੀਤ ਸਿੰਘ, ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ ਤੇ ਸ੍ਰੀ ਵਿਕਾਸ ਹੀਰਾ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਮੌਜੂਦਾ ਸੰਕਟ ਉਤੇ ਵਿਚਾਰ-ਚਰਚਾ ਕਰਕੇ ਅਗਲੀ ਰੂਪ ਰੇਖਾ ਉਲੀਕੀ।






















