ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣਗੇ ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ,25ਮਈ(ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 28 ਮਈ ਨੂੰ ਨਵੇਂ ਸੰਸਦ ਭਵਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾਣ ਵਾਲੇ ਉਦਘਾਟਨ ਦੇ ਸਮਾਗਮ ਵਿਚ ਸ਼ਾਮਲ ਹੋਣਗੇ। ਇਸ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਸਾਡੇ ਲਈ ਮਾਣ ਵਾਲਾ ਮੌਕਾ ਹੈ ਤੇ ਇਸ ਮੌਕੇ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਡਾ.ਚੀਮਾ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਹੈ, ਜਿਹਨਾਂ ਨੇ ਉਦਘਾਟਨੀ ਸਮਾਗਮ ਦਾ ਬਾਈਕਾਟ ਕੀਤਾ ਹੋਇਆ ਹੈ।
ਚੀਮਾ ਨੇ ਕਿਹਾ ਕਿ ‘ਆਪ’ ਇਸ ਮੁੱਦੇ ਨੂੰ ਰਾਸ਼ਟਰਪਤੀ ਦੇ ਸਨਮਾਨ ਵਜੋਂ ਪੇਸ਼ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲੇ ਨਾਗਰਿਕ ਪ੍ਰਤੀ ਕਿੰਨਾ ਸਤਿਕਾਰ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਉਹ ਸੂਬੇ ਦੇ ਦੌਰੇ ‘ਤੇ ਆਏ ਤਾਂ ਉਨ੍ਹਾਂ ਦਾ ਸਵਾਗਤ ਵੀ ਨਹੀਂ ਕੀਤਾ। ਉਨ੍ਹਾਂ ਕਿਹਾ, “ਅਸੀਂ ਦੇਖਿਆ ਹੈ ਕਿ ਮੁੱਖ ਮੰਤਰੀ ਕਈ ਮੌਕਿਆਂ ‘ਤੇ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਗਏ ਪੰਜਾਬ ਦੇ ਰਾਜਪਾਲ ਦਾ ਕਿੰਨਾ ਸਤਿਕਾਰ ਕਰਦੇ ਹਨ।” ਡਾ. ਚੀਮਾ ਨੇ ਕਿਹਾ ਕਿ ਲੋਕ ਇਸ ਗੱਲ ਤੋਂ ਵੀ ਜਾਣੂ ਹਨ ਕਿ ਕਾਂਗਰਸ ਪਾਰਟੀ ਨੇ ਸੰਵਿਧਾਨ ਦਾ ਕਿੰਨਾ ਸਤਿਕਾਰ ਕੀਤਾ ਸੀ। ਇੱਕ ਸਖ਼ਤ ਐਮਰਜੈਂਸੀ ਲਗਾ ਕੇ ਨਾਗਰਿਕ ਅਧਿਕਾਰਾਂ ਨੂੰ ਕੁਚਲਣ ਤੋਂ ਗ਼ੁਰੇਜ਼ ਨਹੀਂ ਕੀਤਾ ਸੀ।