ਨਵਜੋਤ ਸਿੰਘ ਸਿੱਧੂ ਨੇ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ
ਪੜ੍ਹੋ, ਮੀਟਿੰਗ ਤੋਂ ਬਾਅਦ ਕੀ ਬੋਲੇ ਸਿੱਧੂ
ਚੰਡੀਗੜ੍ਹ, 9ਮਈ (ਵਿਸ਼ਵ ਵਾਰਤਾ)-ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਹੈ। ਚੰਡੀਗੜ੍ਹ ਦੇ ਸਿਵਲ ਸਕੱਤਰੇਤ ‘ਚ ਦੋਵਾਂ ਵਿਚਾਲੇ ਕਰੀਬ 50 ਮਿੰਟ ਤੱਕ ਗੱਲਬਾਤ ਹੋਈ। ਬਾਹਰ ਆਉਣ ਤੋਂ ਬਾਅਦ ਉਤਸ਼ਾਹਿਤ ਨਜ਼ਰ ਆਏ ਸਿੱਧੂ ਨੇ ਕਿਹਾ- ‘ਹੁਣ ਪੰਜਾਬ ਦੇ ਗੱਦਾਰਾਂ ਦਾ ਸਮਾਂ ਖਤਮ ਹੋ ਗਿਆ ਹੈ। ਮੈਨੂੰ ਸੀ.ਐਮ ਮਾਨ ਤੋਂ ਬਹੁਤ ਉਮੀਦਾਂ ਹਨ,ਜੇ ਸੀ.ਐਮ.ਮਾਨ ਨੇ ਕੰਮ ਕੀਤਾ ਹੈ ਤਾਂ ਮੈਂ ਹੌਂਸਲਾ ਅਫਜਾਈ ਕਰਾਂਗਾ! ਜੇ ਨਹੀਂ, ਤਾਂ ਮੈਂ ਚੌਕਸ ਰਹਾਂਗਾ।ਸਿੱਧੂ ਸਿੱਧੂ ਨੇ ਕਿਹਾ ਕਿ ਮੈਂ ਇੱਥੇ ਪੰਜਾਬ ਦੀ ਚੜ੍ਹਦੀ ਕਲਾ ਲਈ ਆਇਆ ਹਾਂ। ਸੀਐਮ ਮਾਨ ਵਿੱਚ ਕੋਈ ਹਉਮੈ ਨਹੀਂ ਹੈ। ਜਿਵੇਂ ਉਹ 10-15 ਸਾਲ ਪਹਿਲਾਂ ਸਨ, ਅੱਜ ਵੀ ਹਨ। ਸਿੱਧੂ ਨੇ ਕਿਹਾ ਕਿ ਮੈਂ ਮਾਨ ਨੂੰ ਕਿਹਾ ਕਿ ਠੇਕੇਦਾਰੀ ਸਿਸਟਮ ਰਾਹੀਂ ਪੰਜਾਬ ਨੂੰ ਗਿਰਵੀ ਰੱਖਿਆ ਗਿਆ ਹੈ। ਨੇਤਾ ਇਸ ਸਿਸਟਮ ਦੇ ਪਿੱਛੇ ਖੜੇ ਹਨ। ਇਹ ਮੇਰੀ ਨਿੱਜੀ ਲੜਾਈ ਨਹੀਂ ਸੀ, ਸਗੋਂ ਸਿਸਟਮ ਦੇ ਖਿਲਾਫ ਸੀ, ਜੋ ਅੱਜ ਵੀ ਜਾਰੀ ਹੈ। ਮੈਂ ਕਿਹਾ ਕਿ ਜਿਸ ਦਿਨ ਮੈਂ ਰੇਤ ਦਾ ਠੇਕਾ ਖਤਮ ਕਰ ਦਿੱਤਾ, ਲੀਡਰ ਡਿੱਗ ਜਾਵੇਗਾ। ਜਿਸ ਦਿਨ ਰੇਟ ਤੈਅ ਹੋ ਜਾਵੇਗਾ, ਸਭ ਠੀਕ ਹੋ ਜਾਵੇਗਾ। ਅੱਗੇ ਸਿੱਧੂ ਨੇ ਕਿਹਾ ਕਿ ਅਸੀਂ ਸ਼ਰਾਬ ਤੋਂ 25 ਹਜ਼ਾਰ ਕਰੋੜ ਕਮਾ ਸਕਦੇ ਹਾਂ। ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਐਲ1 ਲਾਇਸੈਂਸ ਕਿਸ ਕੋਲ ਹੈ। ਕਿਹੜਾ ਲੀਡਰ ਚੋਰੀਆਂ ਤੇ ਡਾਕਾ ਮਾਰਦਾ ਸੀ। ਇਸ ਲਾਇਸੈਂਸ ਤੋਂ ਹੀ ਸਰਕਾਰ 10 ਹਜ਼ਾਰ ਕਰੋੜ ਕਮਾ ਸਕਦੀ ਹੈ।
ਇਸ ਤੋਂ ਇਲਾਵਾ ਸਿੱਧੂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਮਿਆਰੀ ਟੈਂਡਰ ਸਿਸਟਮ ਬਣਾਉਣ ਲਈ ਕਿਹਾ ਹੈ, ਜੋ ਕਿ ਸੀ.ਐਮ ਦੇ ਅਧੀਨ ਹੋਣਾ ਚਾਹੀਦਾ ਹੈ। ਸਥਿਤੀ ਇਹ ਹੈ ਕਿ ਵਿਧਾਇਕਾਂ ਨੇ ਕਾਨੂੰਨ ਬਣਾਉਣੇ ਸਨ ਪਰ ਕੰਪਨੀਆਂ ਬਣਾ ਰਹੀਆਂ ਹਨ।























