ਧਰਨੇ ਤੇ ਬੈਠੇ ਕਿਸਾਨਾਂ ਦੀ ਮੌਤ ਅਤਿਅੰਤ ਦੁਖਦਾਈ, ਨਵੇਂ ਖੇਤੀ ਕਾਨੂੰਨ ਲਏ ਜਾਣ ਜਲਦੀ ਵਾਪਸ-ਵਿਕਰਾਂਤ ਰਾਣਾ

ਚੰਡੀਗੜ੍ਹ, 19 ਦਸੰਬਰ(ਵਿਸ਼ਵ ਵਾਰਤਾ)- ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਗਠਨ ਦੇ ਡਾਇਰੈਕਟਰ ਲੀਗਲ ਸੇਲ ਪੰਜਾਬ ਐਡਵੋਕੇਟ ਵਿਕਰਾਂਤ ਰਾਣਾ ਨੇ ਕਿਹਾ ਕਿ, ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਅੰਦੋਲਨ ਵਿੱਚ ਕਿਸਾਨਾਂ ਦੀ ਮੌਤ ਹੋਣਾ ਅਤਿਅੰਤ ਦੁਖਦਾਈ ਘਟਨਾ ਹੈ। ਇਸ ਤਰ੍ਹਾਂ ਵੱਧ ਰਹੀ ਠੰਢ ਬਜ਼ੁਰਗਾਂ ਦੇ ਲਈ ਖਤਰਨਾਕ ਸਿੱਧ ਹੋ ਸਕਦੀ ਹੈ।ਕਿਸਾਨਾਂ ਦੀ ਜਾਨ ਦੀ ਰੱਖਿਆ ਕਰਨਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।
ਰਾਣਾ ਨੇ ਅੱਗੇ ਕਿਹਾ ਕਿ 1907 ਵਿੱਚ ਅੰਗਰੇਜਾਂ ਦੇ ਸਮੇਂ ਵਿੱਚ ਵੀ ਪਗੜੀ ਸੰਭਾਲ ਅੰਦੋਲਨ ਚੱਲਿਆ ਸੀ ਜਿਸ ਦੀ ਅਗਵਾਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿਤਾ ਅਤੇ ਚਾਚਾ ਜੀ ਨੇ ਕੀਤੀ ਸੀ। ਇਹ ਅੰਦੋਲਨ ਵੀ ਉਸ ਸਮੇਂ ਪਾਸ ਕੀਤੇ ਗਏ ਤਿੰਨ ਕਾਨੂੰਨ ਬਾਹਰੀ ਦੋਆਬ ਐਕਟ, ਪੰਜਾਬ ਲੈਂਡ ਐਲੀਨੇਸ਼ਨ ਐਕਟ ਅਤੇ ਪੰਜਾਬ ਲੈਂਡ ਕੋਲੋਨਾਈਸੇਸ਼ਨ ਐਕਟ ਦੇ ਖਿਲਾਫ ਸੀ। ਇਸ ਐਕਟ ਤੇ ਵੀ ਉਸ ਸਮੇਂ ਅੰਗਰੇਜ਼ ਸਰਕਾਰ ਦੁਆਰਾ ਇਸ ਵਿੱਚ ਬਦਲਾਵ ਦੀ ਕਾਫੀ ਚਰਚਾ ਹੋਈ ਸੀ। ਪਰ ਉਸ ਸਮੇਂ ਸੰਘਰਸ਼ ਦੇ ਕਾਰਨ ਤਿੰਨਾਂ ਕਾਨੂੰਨਾਂ ਨੂੰ ਪੂਰਨ ਰੂਪ ਵਿੱਚ ਵਾਪਸ ਲੈ ਲਿਆ ਗਿਆ ਸੀ। ਤਾਂ ਆਜ਼ਾਦ ਭਾਰਤ ਦੇ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਕਿਉਂ ਨਹੀਂ ਵਾਪਸ ਲਿਆ ਜਾ ਸਕਦਾ। ਹਰ ਰੋਜ਼ ਕਿਸਾਨ ਅੰਦੋਲਨ ਵਿੱਚ ਆਪਣੀ ਜਾਨ ਗਵਾ ਰਹੇ ਹਨ। ਇਸ ਸਥਿਤੀ ਨੂੰ ਵੇਖਦੇ ਹੋਏ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਕਿਸਾਨਾਂ ਦੇ ਮਾਨਵ ਅਧਿਕਾਰਾਂ ਦੀ ਰੱਖਿਆ ਹਿੱਤ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਕਿਉਂਕਿ ਕਿਸਾਨ ਦੀ ਪ੍ਰਗਤੀ ਹੀ ਦੇਸ਼ ਦੀ ਪ੍ਰਗਤੀ ਹੈ।






















