ਦਿੱਲੀ ਦੇ ਵਿੱਤ ਮੰਤਰੀ ਕੈਲਾਸ਼ ਗਹਿਲੋਤ ਨੇ ਪੇਸ਼ ਕੀਤਾ 78 ਹਜ਼ਾਰ ਕਰੋੜ ਰੁਪਏ ਦਾ ਬਜਟ
ਚੰਡੀਗੜ੍ਹ,22ਮਾਰਚ(ਵਿਸ਼ਵ ਵਾਰਤਾ)- ਦਿੱਲੀ ਦੇ ਵਿੱਤ ਮੰਤਰੀ ਕੈਲਾਸ਼ ਗਹਿਲੋਤ ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਵਿੱਤੀ ਸਾਲ 2023-24 ਲਈ 78,800 ਕਰੋੜ ਰੁਪਏ ਦਾ ਰਾਜ ਬਜਟ ਪੇਸ਼ ਕੀਤਾ। 2022-23 ਲਈ ਰਾਜ ਦੇ ਬਜਟ ਦਾ ਆਕਾਰ 75,800 ਕਰੋੜ ਰੁਪਏ ਅਤੇ ਪਿਛਲੇ ਵਿੱਤੀ ਸਾਲ ਵਿੱਚ 69,000 ਕਰੋੜ ਰੁਪਏ ਸੀ। ਦੱਸ ਦਈਏ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਅਸਤੀਫੇ ਤੋਂ ਬਾਅਦ ਗਹਿਲੋਤ ਨੂੰ ਵਿੱਤ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਹੈ। ਆਪਣੇ ਬਜਟ ਭਾਸ਼ਣ ਵਿੱਚ ਉਹਨਾਂ ਨੇ ਕਿਹਾ, “ਮੈਨੂੰ ਹੋਰ ਖੁਸ਼ੀ ਹੁੰਦੀ ਜੇਕਰ ਮਨੀਸ਼ ਸਿਸੋਦੀਆ ਬਜਟ ਪੇਸ਼ ਕਰਦੇ, ਉਹ ਮੇਰੇ ਵੱਡੇ ਭਰਾ ਵਾਂਗ ਹਨ। ਇਹ ਬਜਟ ਲੋਕਾਂ ਦੀਆਂ ਖਾਹਿਸ਼ਾਂ ਅਤੇ ਉਮੀਦਾਂ ਦਾ ਪ੍ਰਗਟਾਵਾ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਲਗਾਤਾਰ ਨੌਵਾਂ ਬਜਟ ਹੈ। ਇਸ ਨੂੰ ਸਾਫ਼-ਸੁਥਰੀ, ਸੁੰਦਰ ਅਤੇ ਆਧੁਨਿਕ ਦਿੱਲੀ ਨੂੰ ਸਮਰਪਿਤ ਬਜਟ ਦੱਸਦੇ ਹੋਏ ਗਹਿਲੋਤ ਨੇ ਕਿਹਾ, “ਐਮਸੀਡੀ ਨੂੰ ਦਿੱਲੀ ਵਿੱਚ ਕੂੜੇ ਦੇ ਤਿੰਨ ਪਹਾੜਾਂ ਨੂੰ ਹਟਾਉਣ ਲਈ ਹਰ ਸੰਭਵ ਮਦਦ ਦਿੱਤੀ ਜਾਵੇਗੀ। ਸਾਰੀਆਂ ਕਲੋਨੀਆਂ ਨੂੰ ਸੀਵਰੇਜ ਨਾਲ ਜੋੜਿਆ ਜਾਵੇਗਾ ਅਤੇ ਯਮੁਨਾ ਨਦੀ ਨੂੰ ਸਾਫ਼ ਕਰਨ ਲਈ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੀ ਸਮਰੱਥਾ ਵਧਾਈ ਜਾਵੇਗੀ। ਇਸ ਦੇ ਨਾਲ ਹੀ ਕੈਲਾਸ਼ ਗਹਿਲੋਤ ਨੇ ਕਿਹਾ, “8 ਸਾਲਾਂ ‘ਚ ਅਸੀਂ ਦਿੱਲੀ ਦੀ ਨੁਹਾਰ ਬਦਲ ਦਿੱਤੀ ਹੈ। ਇਸ ਦੌਰਾਨ 28 ਫਲਾਈਓਵਰ ਬਣਾਏ ਗਏ ਹਨ ਅਤੇ ਵਿਚੋਲਿਆ ਰਾਜ ਖਤਮ ਕੀਤਾ ਗਿਆ ਹੈ। ਦਿੱਲੀ ‘ਚ ਮੈਟਰੋ ਨੈੱਟਵਰਕ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ। 193 ਕਿਲੋਮੀਟਰ ਦਾ ਨੈੱਟਵਰਕ ਵਧਾਇਆ ਗਿਆ ਹੈ। ਇਹ ਬਜਟ ਦਿੱਲੀ ਲਈ ਜ਼ਰੂਰੀ ਹੈ।” ਕਿਉਂਕਿ ਅਸੀਂ ਜੀ-20 ਦੀ ਮੇਜ਼ਬਾਨੀ ਕਰ ਰਹੇ ਹਾਂ। ਇਹ ਬਜਟ ਇੱਕ ਸਾਫ਼, ਸੁੰਦਰ ਅਤੇ ਆਧੁਨਿਕ ਦਿੱਲੀ ਲਈ ਸਮਰਪਿਤ ਹੈ।” ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਲਈ ਬਜਟ ਵਿੱਚ 16,575 ਕਰੋੜ ਰੁਪਏ ਰੱਖੇ ਗਏ ਹਨ। ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਫਰੈਂਚ, ਜਰਮਨ, ਜਾਪਾਨੀ ਅਤੇ ਸਪੈਨਿਸ਼ ਭਾਸ਼ਾਵਾਂ ਪੜ੍ਹਾਈਆਂ ਜਾਣਗੀਆਂ। ਹਰ ਸਰਕਾਰੀ ਸਕੂਲ ਨੂੰ 20 ਨਵੇਂ ਕੰਪਿਊਟਰ ਦਿੱਤੇ ਜਾਣਗੇ।























