ਰੋਹਿਲਾ—ਬੀਕਾਨੇਰ ਸੁਪਰਫਾਸਟ ਰੇਲ ਗੱਡੀ ਰਾਮਪੁਰਾ ਫੂਲ ਰੁਕੇਗੀ
ਮਾਨਸਾ, 24 ਜਨਵਰੀ (ਵਿਸ਼ਵ ਵਾਰਤਾ)- ਉਤਰੀ ਰੇਲਵੇ ਨੇ ਦਿੱਲੀ—ਗੰਗਾਨਗਰ ਇੰਟਰਸਿਟੀ ਐਕਸਪ੍ਰੈਸ ਨੂੰ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸਟੇਸ਼ਨ ਅਤੇ ਦਿੱਲੀ ਸਰਾਏ ਰੋਹਿਲਾ—ਬੀਕਾਨੇਰ ਸੁਪਰਫਾਸਟ ਰੇਲ ਗੱਡੀ ਨੂੰ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ—ਫੂਲ ਸਟੇਸ਼ਨ ਉਪਰ ਰੋਕਣ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਇਕ ਪੱਤਰ ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਭੇਜਿਆ ਹੈ। ਇਸ ਤੋਂ ਪਹਿਲਾਂ ਮਾਨਸਾ—ਬਠਿੰਡਾ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪਿਛਲੇ ਸਾਲ 8 ਅਕਤੂਬਰ ਨੂੰ ਇਸ ਸਬੰਧ ਵਿਚ ਸ੍ਰੀਮਤੀ ਬਾਦਲ ਨੇ ਰੇਲ ਮੰਤਰੀ ਨੂੰ ਪੱਤਰ ਭੇਜਿਆ ਸੀ।
ਕੇਂਦਰੀ ਮੰਤਰੀ ਦੇ ਨਿੱਜੀ ਪੀ.ਏ. ਅਨਮੋਲ ਸਿੰਘ ਵੱਲੋਂ ਵਿਸ਼ਵ ਵਾਰਤਾ ਨੂੰ ਇਸ ਪੱਤਰ ਦੀਆਂ ਕਾਪੀਆਂ ਭੇਜਕੇ ਇਸ ਫੈਸਲੇ ਤੋਂ ਜਾਣੂ ਕਰਵਾਇਆ ਗਿਆ ਹੈ।