– ਸੁੱਚਾ ਸਿੰਘ ਛੋਟੇਪੁਰ ਸਮੇਤ ਪਾਰਟੀ ਤੋਂ ਦੂਰ ਹੋਏ ਹੋਰਨਾਂ ਨੇਤਾਵਾਂ ਨੂੰ ਲਾਇਆ ਜਾਵੇਗਾ ਨੇੜੇ
ਮਾਨਸਾ, 4 ਅਕਤੂਬਰ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਵੱਲੋ ਪੰਜਾਬ ਅੰਦਰ ਸਿਆਸੀ ਸਰਗਰਮੀਆਂ ਤੇਜ਼ ਕਰਦਿਆ ਸਥਾਪਤ ਕੀਤੀ ਗਈ ਪਾਰਟੀ ਦੀ 22 ਮੈਬਰੀ ਕੌਰ ਕਮੇਟੀ ਦੇ ਚੇਅਰਮੈਨ ਅਤੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਅਕਾਲੀ—ਭਾਜਪਾ ਅਤੇ ਕਾਂਗਰਸ ਪਾਰਟੀ *ਤੇ ਤਿੱਖੇ ਹਮਲਿਆਂ ਕਰਦਿਆ ਕਿਹਾ ਕਿ ਦੋਨਾਂ ਪਾਰਟੀਆਂ ਨੇ ਆਪਣਾ ਸਿਆਸੀ ਉਲੂ ਸਿੱਧਾ ਰੱਖਣ ਲਈ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ “ਪਛਤਾਉਦਾ ਹੈ ਪੰਜਾਬ, ਕੈਪਟਨ ਦੀ ਸਰਕਾਰ” ਮੁਹਿੰਮ ਆਰੰਭੀ ਜਾ ਰਹੀ ਹੈ।
ਪਾਰਟੀ ਵੱਲੋਂ ਕੱਲ੍ਹ ਬਣਾਏ ਗਏ ਕੋਰ ਕਮੇਟੀ ਦੇ ਚੇਅਰਮੈਨ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਬੁਨਿਆਦੀ ਸਹੂਲਤਾਂ ਲਈ ਲੋਕ ਸੜਕਾਂ *ਤੇ ਉੱਤਰ ਆਏ ਹਨ, ਭ੍ਰਿਸ਼ਟਾਚਾਰ ਸਿਖਰਾਂ *ਤੇ ਪਹੁੰਚ ਚੁੱਕਿਆ ਹੈ, ਕਰਜੇ ਦੇ ਬੋਝ ਹੇਠ ਦੱਬਿਆ ਕਿਸਾਨ ਖੁਦਕੁਸ਼ੀਆਂ ਦੇ ਰਾਹ *ਤੇ ਚੱਲ ਪਿਆ ਹੈ ਅਤੇ ਕੈਪਟਨ ਸਰਕਾਰ ਦੀ ਸਥਾਪਨਾ ਤੋਂ ਬਾਅਦ ਪੰਜਾਬ ਵਿੱਚ 528 ਕਿਸਾਨ ਆਤਮ ਹੱਤਿਆ ਦੇ ਰਾਹ *ਤੇ ਚੱਲੇ ਅਤੇ ਬੇਰੁਜਗਾਰੀ *ਚ ਵਾਧਾ ਹੋਣਾ ਇਸ ਸਰਕਾਰ ਦੀ ਮਾੜੀ ਕਾਰਗੁਜਾਰੀ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਣਨੀਤੀ ਕਾਂਗਰਸ ਅਤੇ ਅਕਾਲੀ ਦਲ ਲਈ ਚੈਲੇਜ਼ ਬਣੇਗੀ।
ਉਨ੍ਹਾਂ ਕਿਹਾ ਕਿ ਪਾਰਟੀ ਵਿੱਚੋ ਸੁੱਚਾ ਸਿੰਘ ਛੋਟੇਪੁਰ ਦਾ ਚਲਾ ਜਾਣਾ ਮੰਦਭਾਗਾ ਹੈ, ਪਰ ਜਲਦ ਹੀ ਉਨ੍ਹਾਂ ਸਮੇਤ ਹੋਰਨਾਂ ਸੀਨੀਅਰ ਲੀਡਰਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ। ਇਸ ਸੰਬੰਧੀ ਪਾਰਟੀ ਦੇ ਪੰਜ ਵਿਧਾਇਕਾਂ ਦੀ ਐਚ ਐਸ ਫਲੂਕਾ ਦੀ ਅਗਵਾਈ ਹੇਠ ਤਾਲਮੇਲ ਕਮੇਟੀ ਗਠਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਲੋਕ ਸਭਾ ਦੀਆਂ 13 ਸੀਟਾਂ *ਤੇ ਚੋਣ ਲੜੇਗੀ ਅਤੇ ਉਮੀਦਵਾਰਾਂ ਦੀ ਚੋਣ ਕੋਰ ਕਮੇਟੀ ਤੋ ਬਾਅਦ ਦਸੰਬਰ ਮਹੀਨੇ ਵਿੱਚ ਲੋਕਾਂ ਸਾਹਮਣੇ ਉਮੀਦਵਾਰ ਐਲਾਨ ਕਰ ਦਿੱਤੇ ਜਾਣਗੇ।
ਪਾਰਟੀ ਦੇ ਚੇਅਰਮੈਨ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ ਲਈ 7 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ *ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋ ਦਿੱਤੇ ਜਾ ਰਹੇ ਧਰਨੇ ਦਾ ਐਲਾਨ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ *ਤੇ ਚੈਲੇਜ਼ ਕਰਦੇ ਹਾਂ ਕਿ ਉਹ ਦੋਸ਼ੀਆਂ ਨੂੰ ਸਜਾ ਦਿਵਾਉਣ ਵਿੱਚ ਰਾਜਨੀਤੀ ਨਾ ਕਰਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਉਹ ਉਮੀਦਵਾਰ ਉਤਾਰੇਗੀ ਜ਼ੋ ਲੋਕਾਂ ਦੀ ਜਮੀਨੀ ਪੱਧਰ ਦੀ ਅਵਾਜ ਸੰਸਦ ਭਵਨ ਤੱਕ ਲੈਕੇ ਜਾਣਗੇ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਵਿੱਚ 12 ਵਿਧਾਇਕ, 2 ਐਮ ਪੀ ਅਤੇ 8 ਬੁੱਧੀਜੀਵੀ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਹਿੰਦੂ ਸਿੱਖ ਮੁਸਲਿਮ, ਦਲਿਤ, ਵਪਾਰੀ, ਕਿਸਾਨਾਂ, ਮਜਦੂਰਾਂ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਕੌਰ ਕਮੇਟੀ ਦੀ ਪਹਿਲੀ ਮੀਟਿੰਗ ਅਕਤੂਬਰ ਮਹੀਨੇ ਦੇ ਦੂਜੇ ਹਫਤੇ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੀ ਤਾਰੀਖ ਦਾ ਐਲਾਨ ਪੰਜਾਬ ਦੀ ਲੀਡਰਸ਼ਿੱਪ ਤਾਲਮੇਲ ਤੋ ਬਾਅਦ ਕੀਤਾ ਜਾਵੇਗਾ।
ਫੋਟੋ ਕੈਪਸ਼ਨ: ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ।