ਡਿਪਟੀ ਕਮਿਸ਼ਨਰ ਨੇ ਬਲਾਚੌਰ ਵਿਖੇ ਵੱਖ-ਵੱਖ ਪ੍ਰਾਜੈਕਟਾਂ ਦਾ ਲਿਆ ਜਾਇਜ਼ਾਤਹਿਸੀਲ ਕੰਪਲੈਕਸ ਵਿਚਲੇ ਦਫ਼ਤਰਾਂ ਦੀ ਕੀਤੀ ਪੜਤਾਲ
ਬਲਾਚੌਰ, 17 ਦਸੰਬਰ (ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਅੱਜ ਸਬ-ਡਵੀਜ਼ਨ ਬਲਾਚੌਰ ਦੇ ਆਪਣੇ ਦੌਰੇ ਦੌਰਾਨ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਤੋਂ ਇਲਾਵਾ ਤਹਿਸੀਲ ਕੰਪਲੈਕਸ ਵਿਚਲੇ ਦਫ਼ਤਰਾਂ ਦੀ ਪੜਤਾਲ ਵੀ ਕੀਤੀ ਗਈ। ਇਸ ਮੌਕੇ ਉਨਾਂ ਸਬ-ਡਵੀਜ਼ਨ ਦੇ ਵੱਖ-ਵੱਖ ਪਿੰਡਾਂ ਵਿਚ ਮਨਰੇਗਾ ਦੇ ਪ੍ਰਾਜੈਕਟਾਂ ਦਾ ਨਿਰੀਖਣ ਕੀਤਾ, ਜਿਨਾਂ ਵਿਚ ਉਲੱਦਣੀ, ਗੜੀ ਕਾਨੂੰਗੋ ਅਤੇ ਬੱਲੋਵਾਲ ਸੌਂਖੜੀ ਸ਼ਾਮਿਲ ਸਨ।
ਤਹਿਸੀਲ ਕੰਪਲੈਕਸ ਬਲਾਚੌਰ ਵਿਖੇ ਵੱਖ-ਵੱਖ ਦਫ਼ਤਰਾਂ ਦੀ ਪੜਤਾਲ ਦੌਰਾਨ ਉਨਾਂ ਉਥੇ ਚੱਲ ਰਹੇ ਕੰਮਕਾਜ ਦਾ ਮੁਆਇਨਾ ਕੀਤਾ ਅਤੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਹਦਾਇਤ ਕੀਤੀ ਕਿ ਤਹਿਸੀਲ ਵਿਖੇ ਕੰਮ ਕਰਵਾਉਣ ਆਏ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ ਅਤੇ ਸੇਵਾ ਅਧਿਕਾਰ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਤੈਅ ਸਮੇਂ ਅੰਦਰ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ।

ਉਨਾਂ ਬੱਲੋਵਾਲ ਸੌਂਖੜੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਗਏ 550 ਪੌਦਿਆਂ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਗਏ 400 ਪੌਦਿਆਂ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਉਨਾਂ ਉਥੇ ਉਸਾਰੀ ਅਧੀਨ ‘ਨੇਚਰ ਟਰੇਲ’ (ਸੈਰਗਾਹ) ਦੇ ਕੰਮਕਾਜ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਉਨਾਂ ਨਰਸਰੀ ਦਾ ਨਿਰੀਖਣ ਵੀ ਕੀਤਾ ਅਤੇ ਉਥੇ ਕਦਮ ਦਾ ਪੌਦਾ ਲਗਾਇਆ। ਉਨਾਂ ਹਦਾਇਤ ਕੀਤੀ ਕਿ ਨੇਚਰ ਟਰੇਲ ਦੇ ਨਾਲ-ਨਾਲ ਲਗਾਏ ਜਾ ਰਹੇ ਪੌਦਿਆਂ ਦੇ ਨਾਂਅ ਵੀ ਲਿਖੇ ਜਾਣ ਅਤੇ ਮੈਡੀਸਨਲ ਅਤੇ ਸਜਾਵਟੀ ਪੌਦੇ ਲਗਾਉਣ ਨੂੰ ਤਰਜੀਹ ਦਿੱਤੀ ਜਾਵੇ।






















