ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਸਬੰਧੀ ਜਾਰੀ ਕੀਤੇ ਗਏ ਹੁਕਮ
ਫ਼ਤਹਿਗੜ੍ਹ ਸਾਹਿਬ, 01 ਮਈ ( ਵਿਸ਼ਵ ਵਾਰਤਾ )- ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਵੱਲੋਂ ਕੋਵਿਡ-19 ਨੂੰ ਰੋਕਣ ਅਤੇ ਇਸ ’ਤੇ ਕਾਬੂ ਪਾਉਣ ਲਈ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੈਂਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ/ਹਾਈ/ਐਲੀਮੈਂਟਰੀ ਸਕੂਲ, ਕਾਲਜ, ਹੋਸਟਲ, ਧਰਮਸ਼ਾਲਾਵਾਂ ਤੇ ਪੰਚਾਇਤ ਘਰਾਂ ਨੂੰ ਅਗਲੇ ਹੁਕਮਾਂ ਤੱਕ ਇਕਾਂਤਵਾਸ ਕੇਂਦਰ ਐਲਾਨਿਆ ਗਿਆ ਹੈ।
ਸ਼੍ਰੀਮਤੀ ਗਿੱਲ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ/ਐਲੀਮੈਂਟਰੀ ਨੂੰ ਆਦੇਸ਼ ਦਿੱਤੇ ਹਨ ਕਿ ਸਕੂਲਾਂ ਵਿੱਚ ਇਕਾਂਤਵਾਸ ਕੇਂਦਰਾਂ ਸਬੰਧੀ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ ਅਤੇ ਜਿ਼ਲ੍ਹੇ ਦੇ ਸਮੂਹ ਐਸ.ਡੀ.ਐਮਜ਼ ਆਪੋ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਕਾਲਜ ਅਤੇ ਹੋਸਟਲਜ਼ ਵਿੱਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣਗੇ।
ਸ਼ਹਿਰਾਂ ਵਿੱਚ ਪੈਂਦੀਆਂ ਧਰਮਸ਼ਾਲਾਵਾਂ ਲਈ ਕਾਰਜ ਸਾਧਕ ਅਫਸਰਾਂ ਤੇ ਪਿੰਡਾਂ ਵਿੱਚ ਪੈਂਦੀਆਂ ਧਰਮਸ਼ਾਲਾਵਾਂ ਲਈ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਧਰਮਸ਼ਾਲਾਵਾਂ ਵਿੱਚ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਮੁਕੰਮਲ ਪ੍ਰਬੰਧ ਕਰਨ।
ਸਮੂਹ ਐਸ.ਡੀ.ਐਮਜ਼ ਨੂੰ ਇਹ ਵੀ ਅਧਿਕਾਰ ਦਿੱਤੇ ਗਏ ਹਨ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਇਮਾਰਤ ਨੂੰ ਇਕਾਂਤਵਾਸ ਕੇਂਦਰ ਵਜੋਂ ਇਸਤੇਮਾਲ ਕਰ ਸਕਣਗੇ। ਅਜਿਹਾ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤਾ ਗਿਆ ਹੈ।