ਚੰਡੀਗੜ੍ਹ ਤੋਂ ਕੈਨੇਡਾ ਦੇ ਇਹਨਾਂ ਸ਼ਹਿਰਾਂ ਲਈ ਸਿੱਧੀਆਂ ਚਾਰਟਰ ਉਡਾਣਾਂ ਜਲਦੀ ਹੋ ਸਕਦੀਆਂ ਹਨ ਸ਼ੁਰੂ
ਚੰਡੀਗੜ੍ਹ,14 ਜੁਲਾਈ(ਵਿਸ਼ਵ ਵਾਰਤਾ)-ਕੈਨੇਡਾ ਸਥਿਤ ਕੰਪਨੀ ਡੌਗਵਰੈਕਸ ਇੰਟਰਨੈਸ਼ਨਲ ਕੈਪੀਟਲ ਕਾਰਪੋਰੇਸ਼ਨ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਚਾਰਟਰ ਉਡਾਣਾਂ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ।ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਾਕੇਸ਼ ਰੰਜਨ ਸਹਾਏ ਨੇ ਦੱਸਿਆ ਕਿ ਕੈਨੇਡਾ ਸਥਿਤ ਕੰਪਨੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਸ਼ਹਿਰਾਂ ਲਈ ਚਾਰਟਰ ਉਡਾਣਾਂ ਸ਼ੁਰੂ ਕਰਨ ਲਈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਅੰਤਿਮ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਜੇਕਰ ਅੰਤਿਮ ਇਜਾਜ਼ਤ ਵੀ ਮਿਲ ਜਾਂਦੀ ਹੈ ਤਾਂ ਇਹ ਕੈਨੇਡਾ ਵਿੱਚ ਵਸਦੇ ਪੰਜਾਬੀ ਪ੍ਰਵਾਸੀਆਂ ਲਈ ਵੱਡੀ ਰਾਹਤ ਹੋਵੇਗੀ।ਰਾਕੇਸ਼ ਰੰਜਨ ਸਹਾਏ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਇਹ 200 ਸੀਟਾਂ ਵਾਲੇ ਜਹਾਜ਼ਾਂ ਨਾਲ ਤਿੰਨ ਮਹੀਨਿਆਂ ਲਈ ਮੌਸਮੀ ਉਡਾਣ ਹੋਵੇਗੀ, ਪਰ ਇਸ ਤੋਂ ਮਗਰੋਂ ਯਾਤਰੀਆਂ ਵੱਲੋਂ ਮਿਲਣ ਵਾਲੇ ਹੁੰਗਾਰੇ ‘ਤੇ ਨਿਰਭਰ ਕਰਦਾ ਹੈ ਕਿ ਉਡਾਣਾਂ ਜਾਰੀ ਰਹਿਣ। ਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਸਤੰਬਰ, 2015 ਨੂੰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ। ਪਰ ਹੁਣ ਤੱਕ ਸਿਰਫ ਇੱਥੋਂ ਸ਼ਾਰਜਾਹ ਅਤੇ ਦੁਬਈ ਸ਼ਹਿਰਾਂ ਲਈ ਦੋ ਅੰਤਰਰਾਸ਼ਟਰੀ ਉਡਾਣਾਂ ਹੀ ਜਾਰੀ ਹਨ। ਦੁਬਈ ਦੀ ਉਡਾਣ ਹਫ਼ਤੇ ਵਿੱਚ ਸੱਤ ਦਿਨ ਚਲਦੀ ਹੈ ਜਦੋਂ ਕਿ ਸ਼ਾਰਜਾਹ ਦੀ ਉਡਾਣ ਹਫ਼ਤੇ ਵਿੱਚ ਦੋ ਵਾਰ ਹੁੰਦੀ ਹੈ।






















