- ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿਚ ਕਰਦਾ ਹੈ ਖੁੰਬਾਂ ਦੀ ਸਪਲਾਈ
- 15 ਹੋਰ ਬੇਰੋਜ਼ਗਾਰਾਂ ਨੂੰ ਵੀ ਦਿੱਤਾ ਰੋਜ਼ਗਾਰ
ਐਸ. ਏ. ਐਸ. ਨਗਰ, 24 ਜਨਵਰੀ (ਵਿਸ਼ਵ ਵਾਰਤਾ)- ਜ਼ਿਲ੍ਹਾ ਐਸ. ਏ. ਐਸ. ਨਗਰ ਦੇ ਬਲਾਕ ਡੇਰਾਬੱਸੀ ਦੇ ਪਿੰਡ ਕਾਰਕੌਰ ਦਾ ਦਵਿੰਦਰ ਸਿੰਘ ਖੁੰਬਾਂ ਦੀ ਕਾਸ਼ਤ ਕਰ ਕੇ ਜਿਥੇ ਖੁਦ ਚੌਖਾ ਮੁਨਾਫਾ ਖੱਟ ਰਿਹਾ ਹੈ ਉਥੇ 15 ਹੋਰ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਕੇ ਉਨ੍ਹਾਂ ਦੀ ਆਰਥਿਕਤਾ ਨੂੰ ਵੀ ਹੁਲਾਰਾ ਦੇਣਯੋਗ ਬਣਿਆ ਹੈ।
ਦਵਿੰਦਰ ਸਿੰਘ, ਜੋ ਕਿ ਮੈਟ੍ਰਿਕ ਪਾਸ ਹੈ, ਨੇ ਪਿਤਾ ਦੀ ਮੌਤ ਤੋਂ ਬਾਅਦ ਪਿਤਾ ਪੁਰਖੀ ਕੰਮ ਨੂੰ ਅੱਗੇ ਵਧਾਇਆ। ਉਸਦੇ ਪਿਤਾ ਮਰਹੂਮ ਕੇਸਰ ਸਿੰਘ ਕੱਚੇ ਢਾਂਚੇ ਨਾਲ ਖੁੰਬਾਂ ਦਾ ਉਤਪਾਦਨ ਕਰਦੇ ਸਨ ਅਤੇ ਉਸ ਨੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਖੁੰਬਾਂ ਦੇ ਉਤਪਾਦਨ ਦੀ ਟਰੇਨਿੰਗ ਲੈ ਕੇ ਇਸ ਦੇ ਉਤਪਾਦਨ ਨੂੰ ਨਵੀਂ ਤਕਨੀਕ ਨਾਲ ਵਧਾਇਆ। ਦਵਿੰਦਰ ਸਿੰਘ, ਜੋ ਕਿ 3 ਏਕੜ ਜ਼ਮੀਨ ਦਾ ਮਾਲਕ ਹੈ, ਵੱਲੋਂ ਸਾਰਾ ਸਾਲ ਖੁੰਬਾਂ ਦਾ ਉਤਪਾਦਨ ਕੀਤਾ ਜਾਂਦਾ ਹੈ ਅਤੇ ਉਸ ਨੇ ਖੁੰਬਾਂ ਦੀ ਪੈਦਾਵਾਰ ਲਈ 50×45 ਫੁੱਟ ਦੇ ਕਮਰੇ ਤਿਆਰ ਕੀਤੇ ਹਨ, ਜਿਨ੍ਹਾਂ ਵਿੱਚ ਸਾਰਾ ਸਾਲ ਖੁੰਬਾਂ ਦੀ ਪੈਦਾਵਾਰ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਉਸ ਵੱਲੋਂ ਪੰਜਾਬ ਤੋਂ ਇਲਾਵਾ ਚੰਡੀਗੜ੍ਹ ਅਤੇ ਦਿੱਲੀ ਵਿਖੇ ਵੀ ਖੁੰਬਾਂ ਦੀ ਸਪਲਾਈ ਕੀਤੀ ਜਾਂਦੀ ਹੈ।
ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਕ ਕਮਰੇ ਵਿੱਚ ਖੁੰਬਾਂ ਤਿਆਰ ਕਰਨ ਲਈ 2000 ਤੋਂ 2500 ਕੰਪੋਸਟ ਦੇ ਲਿਫਾਫੇ ਤਿਆਰ ਕਰ ਕੇ ਰੱਖਦਾ ਹੈ ਅਤੇ ਪ੍ਰਤੀ ਲਿਫਾਫਾ ਅੰਦਾਜ਼ਨ 2 ਕਿਲੋ ਬਟਨ ਖੁੰਬਾਂ ਦਾ ਝਾੜ ਪ੍ਰਾਪਤ ਕਰਦਾ ਹੈ। ਉਸ ਨੇ ਦੱਸਿਆ ਕਿ ਤਿਆਰ ਕੀਤੀ ਖੁੰਬ ਨੂੰ ਪੈਕਿੰਗ ਕਰਨ ਉਪਰੰਤ ਵੇਚਣ ‘ਤੇ ਸੀਜ਼ਨ ਮੁਤਾਬਕ 80 ਤੋਂ 140 ਰੁਪਏ ਪ੍ਰਤੀ ਕਿਲੋ ਪ੍ਰਾਪਤ ਹੁੰਦੇ ਹਨ। ਉਸ ਨੇ ਇਸ ਧੰਦੇ ਰਾਹੀਂ 15 ਹੋਰ ਬੇਰੋਜ਼ਗਾਰਾਂ ਨੂੰ ਵੀ ਰੋਜ਼ਗਾਰ ‘ਤੇ ਲਾਇਆ ਹੈ। ਉਸਨੇ ਹੋਰਨਾਂ ਕਿਸਾਨਾਂ ਨੂੰ ਵੀ ਖੁੰਬਾਂ ਦੀ ਖੇਤੀ ਕਰ ਕੇ ਆਪਣੀ ਆਮਦਨ ਵਧਾਉਣ ਲਈ ਪ੍ਰੇਰਨਾ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਖੁੰਬਾਂ ਦਾ ਉਤਪਾਦਨ ਕਰ ਕੇ ਕੋਈ ਵੀ ਕਿਸਾਨ ਜਿਥੇ ਆਪਣੀ ਆਮਦਨ ਵਧਾ ਸਕਦਾ ਹੈ ਉਥੇ ਦੂਜੇ ਵਿਅਕਤੀਆਂ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾ ਸਕਦਾ ਹੈ।
ਬਾਗਬਾਨੀ ਵਿਕਾਸ ਅਫਸਰ ਤਰਲੋਚਨ ਸਿੰਘ ਨੇ ਕਿਹਾ ਕਿ ਖੁੰਬਾਂ ਦੀ ਪੈਦਾਵਾਰ ਕਰ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ, ਜੋ ਕਿ ਅੱਜ-ਕੱਲ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ। ਕਿਸਾਨ ਬਾਗਬਾਨੀ ਵਿਭਾਗ ਰਾਹੀਂ ਟਰੇਨਿੰਗ ਲੈਣ ਉਪਰੰਤ ਸਾਰਾ ਸਾਲ ਖੁੰਬਾਂ ਦੀ ਕਾਸ਼ਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਤਹਿਤ ਖੁੰਬ ਪੈਦਾਵਾਰ ਯੁਨਿਟ, ਸਪਾਨ ਬਣਾਉਣ ਦੇ ਯੁਨਿਟ ਅਤੇ ਕੰਪੋਸਟ ਖਾਦ ਬਣਾਉਣ ਦੇ ਯੁਨਿਟ ਦੀ ਅੰਦਾਜ਼ਨ ਲਾਗਤ ‘ਤੇ 40 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਫੋਟੋ ਕੈਪਸ਼ਨ : ਦਵਿੰਦਰ ਸਿੰਘ ਖੁੰਬਾਂ ਦੀ ਪੈਦਾਵਾਰ ਅਤੇ ਮੰਡੀਕਰਨ ਬਾਰੇ ਜਾਣਕਾਰੀ ਦਿੰਦਾ ਹੋਇਆ।