- 247 ਕਿਸਾਨਾਂ ਨੂੰ 2 ਕਰੋੜ 50 ਲੱਖ ਦੇ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ
- ਕੈਬਨਿਟ ਮੰਤਰੀ ਨੇ ਕੀਤੀ 1393 ਕਿਸਾਨਾਂ ਨੂੰ 13.50 ਕਰੋੜ ਦੀ ਕਰਜ਼ਾ ਰਾਹਤ ਦੇਣ ਦੀ ਕੀਤੀ ਰਸਮੀ ਸ਼ੁਰੂਆਤ
ਐਸ. ਏ. ਐਸ. ਨਗਰ, 30 ਜਨਵਰੀ (ਵਿਸ਼ਵ ਵਾਰਤਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਆਪਣੇ ਇਕ-ਇਕ ਵਾਅਦੇ ਨੂੰ ਪੂਰਾ ਕੀਤਾ ਰਿਹਾ ਹੈ। ‘ਘਰ-ਘਰ ਰੋਜ਼ਗਾਰ ਮੁਹਿੰਮ’ ਤਹਿਤ ਜਿਥੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਉਥੇ ਕਰਜ਼ੇ ਮੁਆਫ ਕਰ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਸਨੇਟਾ ਵਿਖੇ ਕਿਸਾਨ ਕਰਜ਼ਾ ਰਾਹਤ ਸਕੀਮ ਦੇ ਤੀਜੇ ਪੜਾਅ ਤਹਿਤ ਜ਼ਿਲ੍ਹਾ ਐਸ. ਏ. ਐਸ. ਨਗਰ ਦੇ ਸਹਿਕਾਰੀ ਸਭਾਵਾਂ ਦੇ 1393 ਕਿਸਾਨਾਂ ਨੂੰ 13.50 ਕਰੋੜ ਦੇ ਕਰਜ਼ਾ ਰਾਹਤ ਸਰਟੀਫਿਕੇਟ ਵੰਡਣ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਕੀਤਾ। ਅੱਜ ਦੇ ਸਮਾਗਮ ਵਿੱਚ 247 ਕਿਸਾਨਾਂ ਨੂੰ 2 ਕਰੋੜ 50 ਲੱਖ ਦੇ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ ਗਏ।
ਸ਼੍ਰੀ ਸਿੱਧੂ ਨੇ ਦੱਸਿਆ ਕਿ ਅੱਜ ਜਿਨ੍ਹਾਂ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ ਗਏ ਹਨ, ਉਹ ਛੋਟੀ ਕਿਰਸਾਨੀ ਨਾਲ ਸਬੰਧਤ ਹਨ ਅਤੇ ਇਨ੍ਹਾਂ ਕੋਲ 2.5 ਤੋਂ 5 ਏਕੜ ਤੱਕ ਜ਼ਮੀਨ ਹੈ। ਕੋਆਪ੍ਰੇਟਿਵ ਬੈਂਕਾਂ ਨਾਲ ਲੱਗਦੀਆਂ ਸਹਿਕਾਰੀ ਸਭਾਵਾਂ ਦੇ ਮੈਂਬਰ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਦੇ ਕੇ ਕੈਪਟਨ ਸਰਕਾਰ ਵੱਲੋਂ ਇਨ੍ਹਾਂ ਦੀ ਬਾਂਹ ਫੜੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਤੋਂ ਮੁਕਤ ਕਰਵਾਉਣ ਲਈ ਸੂਬਾ ਸਰਕਾਰ ਵੱਲੋਂ ਕਿਸਾਨ ਕਰਜ਼ਾ ਸਕੀਮ 2017 ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਦੇ ਸੀਮਾਂਤ ਕਿਸਾਨ ਜਿਨ੍ਹਾਂ ਕੋਲ 2.5 ਏਕੜ ਤੋਂ ਘੱਟ ਜ਼ਮੀਨ ਹੈ ਅਤੇ ਛੋਟੇ ਕਿਸਾਨ ਜਿਨ੍ਹਾਂ ਕੋਲ 2.5 ਤੋਂ 5 ਏਕੜ ਜ਼ਮੀਨ ਹੈ, ਨੂੰ 2 ਲੱਖ ਰੁਪਏ ਤੱਕ ਦੇ ਫਸਲੀ ਕਰਜ਼ੇ ਤੋਂ ਰਾਹਤ ਦੇਣ ਦਾ ਕੰਮ ਚੱਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਪਹਿਲ ਸਰਕਾਰੀ ਅਦਾਰਿਆਂ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਫਸਲੀ ਕਰਜ਼ੇ ਨੂੰ ਮੁਆਫ ਕਰ ਕੇ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲਾ ਐਸ. ਏ. ਐਸ. ਨਗਰ ਦੇ ਸਹਿਕਾਰੀ ਅਦਾਰਿਆਂ ਕੋਲੋਂ 158 ਕਰੋੜ ਦਾ ਕਰਜ਼ਾ ਲੈਣ ਵਾਲੇ 14831 ਦੀ ਪਛਾਣ ਕੀਤੀ ਗਈ ਹੈ। ਇਸ ਸਕੀਮ ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਵਿੱਚੋਂ 6520 ਸੀਮਾਂਤ ਕਿਸਾਨਾਂ ਨੂੰ ਕੁੱਲ 61.05 ਕਰੋੜ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ ਅਤੇ ਦੂਜੇ ਪੜਾਅ ਵਿੱਚ ਕਮਰਸ਼ੀਅਲ ਬੈਂਕਾਂ ਦੇ ਸੀਮਾਂਤ ਕਿਸਾਨਾਂ ਨੂੰ ਵੀ ਕਰਜ਼ਾ ਰਾਹਤ ਦਿੱਤੀ ਗਈ ਹੈ। ਹੁਣ ਤੀਜੇ ਪੜਾਅ ਵਿੱਚ ਜ਼ਿਲ੍ਹੇ ਦੇ ਸਹਿਕਾਰੀ ਸਭਾਵਾਂ ਦੇ 1393 ਕਿਸਾਨਾਂ ਨੂੰ ਕੁੱਲ 13.50 ਕਰੋੜ ਦੇ ਕਰਜ਼ੇ ਦੀ ਰਾਹਤ ਦੇਣ ਦੀ ਸ਼ੁਰੂਆਤ 247 ਕਿਸਾਨਾਂ ਨੂੰ 2 ਕਰੋੜ 50 ਲੱਖ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਵੰਡ ਕੇ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਹਰ ਯੋਗ ਕਿਸਾਨ ਨੂੰ ਕਰਜ਼ਾ ਰਾਹਤ ਦੇ ਕੇ ਉਨ੍ਹਾਂ ਦਾ ਕਰਜ਼ੇ ਦਾ ਬੋਝ ਘਟਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਫਤਵਾ ਦਿੱਤਾ ਸੀ ਕਿਉਂਕਿ ਸੂਬੇ ਦੇ ਲੋਕ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਦੇ ਹੱਕ ਕਾਂਗਰਸ ਸਰਕਾਰ ਦੇ ਹੱਥ ਵਿੱਚ ਹੀ ਸੁਰੱਖਿਅਤ ਹਨ। ਮੌਜੂਦਾ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਬਿਨਾਂ ਵਿਤਕਰੇ ਤੋਂ ਲੋਕਾਂ ਨੂੰ ਇਨ੍ਹਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਸਮਾਗਮ ਵਿੱਚ ਆਏ ਕਿਸਾਨਾਂ ਅਤੇ ਇਲਾਕੇ ਦੇ ਪੱਤਵੰਤਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ‘ਤੇ ਮੌਜੂਦਾ ਸਰਕਾਰ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਰਦੀਪ ਸਿੰਘ ਬੈਂਸ, ਐਸ. ਡੀ. ਐਮ. ਮੋਹਾਲੀ ਸ਼੍ਰੀ ਜਗਦੀਪ ਸਹਿਗਲ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਅਭਿਤੇਸ਼ ਸਿੰਘ ਸੰਧੂ, ਐਮ.ਡੀ.ਸਹਿਕਾਰੀ ਬੈਂਕ ਸ੍ਰੀ ਗੁਰਬਾਜ ਸਿੰਘ, ਡੀ.ਐਮ. ਸਹਿਕਾਰੀ ਬੈਂਕ ਪ੍ਰਗਤੀ ਜੱਗਾ, ਸਹਾਇਕ ਰਜਿਸਟਰਾਰ ਸ੍ਰੀ ਜਸਵਿੰਦਰ ਸਿੰਘ, ਵਿਕਾਸ ਖੇਤੀਬਾੜੀ ਅਫਸਰ ਸ੍ਰੀ ਗੁਰਦਿਆਲ ਕੁਮਾਰ, ਚੌਧਰੀ ਭਗਤ ਰਾਮ ਸਰਪੰਚ, ਚੌਧਰੀ ਰਿਸ਼ੀਪਾਲ ਸਾਬਕਾ ਸਰਪੰਚ , ਚੌਧਰੀ ਗਿਆਨ ਚੰਦ ਸਾਬਕਾ ਸਰਪੰਚ, ਚੌਧਰੀ ਹਰਨੇਕ ਸਿੰਘ ਨੇਕੀ, ਗੁਰਚੰਦ ਸਿੰਘ ਗੀਗੇਮਾਜਰਾ, ਗੁਰਧਿਆਨ ਸਿੰਘ ਦਰਾਲੀ ਸਮੇਤ ਇਲਾਕੇ ਦੇ ਹੋਰ ਪਤਵੰਤੇ ਵੀ ਮੌਜੂਦ ਸਨ।