“ਕੈਪਟਨ ਅਮਰਿੰਦਰ ਸਿੰਘ ਅਨੁਸੂਚਿਤ ਜਾਤੀਆਂ ਦੇ ਰਹਿਬਰਾਂ ਪ੍ਰਤੀ ਚਿਹਰਾ ਮੋਹਰਾ ਹੋਇਆ ਨੰਗਾ”
ਚੰਡੀਗੜ੍ਹ, 8 ਦਸੰਬਰ -ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 63ਵੇਂ ਪ੍ਰੀਨਿਰਵਾਣ ਦਿਵਸ ਮਨਾਉਣ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਆਪ ਹੁਦਰਾਪਣ ਕੀਤੇ ਜਾਣ ਦੀ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਨੇ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਭਾਰਤੀ ਸੰਵਿਧਾਨ ਨਿਰਮਾਤਾ ਕਰੋੜਾਂ ਲੋਕਾਂ ਦੇ ਮਾਰਗਦਰਸ਼ਕ ਦਾ ਗਿਣੀਮਿੱਥੀ ਸ਼ਾਜਿਸ ਦੇ ਤਹਿਤ ਅਪਮਾਨ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਕੋਲ ਸਰਕਾਰੀ ਪੱਧਰ ਉੱਤੇ ਡਾਕਟਰ ਅੰਬੇਡਕਰ ਜੀ ਪ੍ਰਤੀ ਸ਼ਰਧਾਜਲੀ ਭੇਟ ਕਰਨ ਲਈ ਸਮਾਂ ਹੀ ਨਹੀਂ ਤਾਂ ਅਜਿਹੀ ਘਿਨਾਉਣੀ ਮਾਨਸਿਕਤਾ ਵਾਲੇ ਜਿਮੇਵਾਰ ਵਿਅਕਤੀਆਂ ਨੂੰ ਜਨਤਕ ਤੌਰ ਉੱਤੇ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਥੇ ਵਰਣਨਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਨੂੰ ਭੇਜ ਦਿੱਤਾ,ਜਦੋਂਕਿ ਕੈਪਟਨ ਅਮਰਿੰਦਰ ਸਿੰਘ ਨੇ ਉਸ ਦਿਨ ਮੁੱਖ ਮੰਤਰੀ ਨਿਵਾਸ ਸਥਾਨ ਉੱਤੇ ਕਈ ਵਿਆਕਤੀਆਂ ਨਾਲ ਮੁਲਾਕਾਤ ਕੀਤੀ ਅਤੇ ਚੇਅਰਪਰਸਨ ਪੰਜਾਬ ਰਾਜ ਸਮਾਜ ਭਲਾਈ ਬੋਰਡ ਦਾ ਨਿਯੁਕਤੀ ਪੱਤਰ ਖੁਦ ਦਿੱਤਾ।
ਸ੍ਰ ਕੈਂਥ ਨੇ ਕਿਹਾ ਕਿ ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੀ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ,ਜਦੋਂਕਿ ਕੈਪਟਨ ਸਰਕਾਰ ਦਾ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਸ਼ਰਧਾਂਜਲੀ ਸਮਾਗਮ ਨੂੰ ਅੱਧ ਵਿਚਕਾਰ ਛੱਡ ਕੇ ਚੱਲਾ ਗਿਆ।
ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੀ 35 ਪ੍ਰਤੀਸ਼ਤ ਅਬਾਦੀ ਤੇ ਵਿਧਾਨ ਸਭਾ ਵਿੱਚ 34 ਵਿਧਾਇਕਾਂ ਵਿਚੋਂ 21 ਵਿਧਾਇਕ ਕਾਂਗਰਸ ਪਾਰਟੀ ਦੇ ਹਨ ਪਰ ਕੈਪਟਨ ਸਰਕਾਰ ਵੱਲੋਂ ਅਜਿਹੇ ਕੀਤੇ ਅਪਮਾਨ ਦੇ ਖਿਲਾਫ ਦੀ ਜੁਅੱਰਤ ਨਹੀਂ ਕੀਤੀ ,ਨਾ ਹੀ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ, ਅਕਾਲੀ- ਭਾਜਪਾ ਗਠਜੋੜ ਅਤੇ ਹੋਰਨਾਂ ਸਮਾਜਸੇਵੀ ਜੱਥੇਬੰਦੀਆਂ ਨੇ ਕੋਈ ਨਿੰਦਿਆ ਨਹੀਂ ਕੀਤੀ। ਡਾ ਭੀਮ ਰਾਓ ਅੰਬੇਡਕਰ ਜੀ ਦੇ ਪ੍ਰਤੀ ਕਾਂਗਰਸ ਸਰਕਾਰ ਦਾ ਅਸਲੀ ਚਿਹਰਾ ਮੋਹਰਾ ਨੰਗਾ ਹੋ ਗਿਆ ਹੈ।