ਸਰਕਾਰ ਨੇ ਇਸ ਯੰਤਰ ਤੋਂ ਬਿਨਾਂ ਕੰਬਾਇਨਾਂ ਚਲਾਉਣ *ਤੇ ਲਾਈ ਹੈ ਮਨਾਹੀ
ਮਾਨਸਾ, 6 ਅਕਤੂਬਰ (ਵਿਸ਼ਵ ਵਾਰਤਾ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਵਰਕਰਾਂ ਨੇ ਅੱਜ ਬਿਨਾਂ ਐਸਐਮਐਸ ਵਾਲੀ ਕੰਬਾਇਨ ਤੋਂ ਝੋਨੇ ਦੀ ਵਾਢੀ ਕਰਕੇ ਪੰਜਾਬ ਸਰਕਾਰ ਨੂੰ ਵੰਗਾਰਿਆ ਹੈ। ਜਥੇਬੰਦੀ ਵੱਲੋਂ ਇਹ ਵਾਢੀ ਪਿੰਡ ਧਿੰਗੜ ਦੇ ਖੇਤਾਂ ਵਿਚ ਕੀਤੀ ਗਈ ਹੈ, ਜਦੋਂ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਰਕਾਰੀ ਹੁਕਮਾਂ ਤਹਿਤ ਅਜਿਹਾ ਕਰਨ ਤੋਂ ਕਿਸਾਨਾਂ ਨੂੰ ਰੋਕਣ ਲਈ ਬਕਾਇਦਾ ਇਕ ਲਹਿਰ ਖੜ੍ਹੀ ਕੀਤੀ ਹੋਈ ਹੈ। ਜਥੇਬੰਦੀ ਨੇ ਕਿਹਾ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਬਿਨਾਂ ਐਸਐਮਐਸ ਵਾਲੀ ਕੰਬਾਇਨ ਨੂੰ ਆਕੇ ਖੇਤਾਂ ਵਿਚ ਰੋਕੇਗਾ ਤਾਂ ਉਸ ਅਧਿਕਾਰੀ ਦਾ ਸਮੇਤ ਪੁਲੀਸ ਖੇਤਾਂ ਵਿਚ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਜਥੇਬੰਦੀ ਦਾ ਕਹਿਣਾ ਹੈ ਕਿ ਕੰਬਾਇਨਾਂ ਉਪਰ ਲੱਗਣ ਵਾਲਾ ਇਹ ਯੰਤਰ ਕਿਸਾਨਾਂ ਨੂੰ ਬਾਰਾ ਨਹੀਂ ਖਾ ਰਿਹਾ ਹੈ ਅਤੇ ਇਹ ਮਹਿੰਗਾ ਹੋਣ ਦੇ ਨਾਲ—ਨਾਲ ਝੋਨੇ ਦੇ ਦਾਣਿਆਂ ਨੂੰ ਤੋੜਦਾ ਹੈ, ਜਿਸ ਨਾਲ ਕਿਸਾਨ ਦੀ ਜਿਣਸ ਦਾ ਮੰਡੀ ਵਿਚ ਸਹੀ ਮੁੱਲ ਨਹੀਂ ਮਿਲਦਾ ਹੈ।
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਝੁਨੀਰ ਬਲਾਕ ਦੇ ਪ੍ਰਧਾਨ ਬਾਬੂ ਸਿੰਘ ਧਿੰਗੜ ਦੀ ਪ੍ਰਧਾਨਗੀ ਹੇਠ ਜਥੇਬੰਦੀ ਨੇ ਇਕ ਝੰਡਾ ਵਿਖਾਕੇ ਕੰਬਾਇਨ ਰਾਹੀਂ ਝੋਨੇ ਦੀ ਕਟਾਈ ਸ਼ੁਰੂ ਕੀਤੀ ਗਈ। ਕਟਾਈ ਸ਼ੁਰੂ ਕਰਨ ਦੌਰਾਨ ਜਥੇਬੰਦੀ ਦੇ ਜ਼ਿਲ੍ਹਾ ਜ਼ਨਰਲ ਸਕੱਤਰ ਹਰਦੇਵ ਸਿੰਘ ਕੋਟ ਧਰਮੂ ਨੇ ਦੱਸਿਆ ਕਿ ਕੰਬਾਇਨ ਉਪਰ ਐਸਐਮਐਸ ਵਾਲਾ ਇਹ ਯੰਤਰ 3 ਲੱਖ ਰੁਪਏ ਤੋਂ ਵੱਧ ਕੀਮਤ ਦਾ ਪੈਂਦਾ ਹੈ ਅਤੇ ਇਸ ਨਾਲ ਝੋਨੇ ਦੀ ਕਟਾਈ ਦਾ ਕਾਰਜ ਪ੍ਰਭਾਵਿਤ ਵੀ ਹੁੰਦਾ ਹੈ ਅਤੇ ਇਸ ਨਾਲ ਕੰਮ ਬਹੁਤ ਘੱਟ ਨਿੱਬੜਦਾ ਹੈ, ਜਦੋਂ ਕਿ ਕੰਬਾਇਨ ਨੂੰ ਚੱਲਣ ਵਾਸਤੇ ਡੀਜ਼ਲ ਦੀ ਖਪਤ ਜਿਆਦਾ ਝੱਲਣੀ ਪੈਂਦੀ ਹੈ, ਜਿਸ ਕਾਰਨ ਕੰਬਾਇਨ ਮਾਲਕਾਂ ਨੂੰ ਮਜਬੂਰਨ ਵਾਢੀ ਦੇ ਰੇਟ ਡੇਡੇ ਕਰਨੇ ਪੈ ਰਹੇ ਹਨ।
ਕਿਸਾਨ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਤੀਸ਼ਗੜ੍ਹ ਰਾਜ ਦੀ ਤਰ੍ਹਾਂ ਜੇਕਰ ਕਿਸਾਨਾਂ ਨੂੰ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਜਾਂ ਪੰਜਾਬ ਸਰਕਾਰ 5000 ਰੁਪਏ ਪ੍ਰਤੀ ਏਕੜ ਕਿਸਾਨ ਨੂੰ ਦੇਣ ਦਾ ਉਪਰਾਲਾ ਕਰੇ ਤਾਂ ਜੋ ਉਹ ਝੋਨੇ ਦੀ ਪਰਾਲੀ ਅਤੇ ਰਹਿੰਦ—ਖੂੰਹਦ ਨੂੰ ਆਪਣੇ ਸੰਦਾਂ ਨਾਲ ਮਿੱਟੀ ਵਿਚ ਮਿੱਧਕੇ ਕਣਕ ਬੀਜਣ ਦਾ ਕੋਈ ਜਗਾੜ ਕਰ ਸਕੇ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਦਾ ਸ਼ੌਕ ਨਹੀਂ, ਸਗੋਂ ਮਜਬੂਰੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਝੋਨੇ ਦਾ ਭਾਅ ਮਿਥਿਆ ਗਿਆ ਸੀ, ਉਦੋਂ ਡੀਜ਼ਲ ਦਾ ਰੇਟ 55 ਰੁਪਏ ਪ੍ਰਤੀ ਕੁਇੰਟਲ ਸੀ ਅਤੇ ਅੱਜ ਇਹ ਭਾਅ ਪ੍ਰਤੀ ਲੀਟਰ 20 ਰੁਪਏ ਵੱਧਕੇ 75 ਰੁਪਏ ਹੋ ਚੁੱਕਿਆ ਹੈ, ਪਰ ਸਰਕਾਰਾਂ ਅਜੇ ਵੀ ਕਿਸਾਨ ਨੂੰ ਝੋਨੇ ਦਾ ਵੱਧ ਭਾਅ ਦੇਣ ਦੇ ਮਖੌਲ ਕਰ ਰਹੀਆਂ ਹਨ।
ਇਸ ਮੌਕੇ *ਤੇ ਬਲਵੀਰ ਸਿੰਘ, ਗੁਰਜੀਤ ਸਿੰਘ, ਜੋਗਿੰਦਰ ਸਿੰਘ, ਲਾਡੀ ਸਿੰਘ, ਕੋਮਲ ਸਿੰਘ, ਬਿਰਜ ਸਿੰਘ, ਮੱਖਣ ਸਿੰਘ, ਗੇਜਾ ਸਿੰਘ ਅਤੇ ਗੁਰਦੀਪ ਸਿੰਘ ਮੌਜੂਦ ਸਨ, ਜਿੰਨ੍ਹਾਂ ਨੇ ਕੰਬਾਇਨ ਦੀ ਵਾਢੀ ਸ਼ੁਰੂ ਹੋਣ ਦੌਰਾਨ ਨਾਅਰੇਬਾਜੀ ਕੀਤੀ ਗਈ।
ਫੋਟੋ ਨੰਬਰ: 13
ਫੋਟੋ ਕੈਪਸ਼ਨ: ਪਿੰਡ ਧਿੰਗੜ ਵਿਚ ਬਿਨਾਂ ਐਸਐਮਐਸ ਵਾਲੀ ਕੰਬਾਇਨ ਤੋਂ ਝੋਨਾ ਵਢਾਉਂਦੇ ਕਿਸਾਨ ਜਥੇਬੰਦੀ ਦੇ ਆਗੂ। ਫੋਟੋ: ਮਾਨ