ਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ ‘ਚ ਡਟੇ ਖੁਸ਼ਹਾਲੀ ਦੇ ਰਾਖੇ
-ਮੰਡੀਆਂ ‘ਚ ਆਏ ਕਿਸਾਨਾਂ ਨੂੰ ਕੋਵਿਡ ਤੋਂ ਬਚਾਅ ਤੇ ਟੀਕਾਕਰਨ ਲਈ ਵੀ ਪ੍ਰੇਰਿਆ-ਬ੍ਰਿਗੇਡੀਅਰ ਗਰੇਵਾਲ

ਪਟਿਆਲਾ, 21 ਅਪ੍ਰੈਲ:ਆਪਣੀ ਜਿਣਸ ਮੰਡੀਆਂ ‘ਚ ਵੇਚਣ ਲਈ ਪੁੱਜ ਰਹੇ ਕਿਸਾਨਾਂ ਦੀ ਸਹਾਇਤਾ ਲਈ ਖੁਸ਼ਹਾਲੀ ਦੇ ਰਾਖੇ ਜ਼ਿਲ੍ਹੇ ਦੀਆਂ ਮੰਡੀਆਂ ‘ਚ ਡਟੇ ਹੋਏ ਹਨ। ਜੀ.ਓ.ਜੀ ਦੇ ਜ਼ਿਲ੍ਹਾ ਮੁਖੀ ਬ੍ਰਿਗੇਡੀਅਰ (ਰਿਟਾ.) ਦਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਮੰਡੀਆਂ ‘ਚ ਕਿਸਾਨਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਨੂੰ ਦਰਪੇਸ਼ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਨਿਪਟਾਰਾ ਕਰਵਾਉਣ ਦੇ ਨਾਲ-ਨਾਲ ਸਰਕਾਰ ਨੂੰ ਫੀਡਬੈਕ ਭੇਜਣ ਲਈ ਜ਼ਿਲ੍ਹੇ ਦੀਆਂ ਮੰਡੀਆਂ ‘ਚ ਕੁਲ 262 ਖੁਸ਼ਹਾਲੀ ਦੇ ਰਾਖੇ ਰੋਜ਼ਾਨਾ ਮੰਡੀਆਂ ‘ਚ ਜਾ ਰਹੇ ਹਨ। ਇਹ ਖੁਸ਼ਹਾਲੀ ਦੇ ਰਾਖੇ ਜਿੱਥੇ ਕੋਵਿਡ ਤੋਂ ਬਚਾਅ ਲਈ ਸਾਰੇ ਇਹਤਿਹਾਤ ਦੀ ਪਾਲਣਾ ਕਰਵਾਉਂਦੇ ਹਨ ਉਥੇ ਹੀ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਣ ਲਈ ਵੀ ਆੜਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਪ੍ਰੇਰਤ ਕੀਤਾ ਜਾਂਦਾ ਹੈ।
ਬ੍ਰਿਗੇਡੀਅਰ ਗਰੇਵਾਲ ਨੇ ਦੱਸਿਆ ਕਿ ਜੀ.ਓ.ਜੀ. ਵੱਲੋਂ ਜਿੱਥੇ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ ਜਾਂਦਾ ਹੈ, ਉਥੇ ਹੀ ਮੰਡੀਆਂ ‘ਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਬਾਥਰੂਮ ਤੇ ਕੋਵਿਡ ਤੋਂ ਬਚਾਅ ਲਈ ਸੈਨੇਟਾਈਜਰ ਤੇ ਮਾਸਕਾਂ ਦੇ ਪ੍ਰਬੰਧ ਵੀ ਦੇਖੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਸਬ ਡਵੀਜਨ ‘ਚ 73 ਜੀ.ਓ.ਜੀਜ, ਨਾਭਾ ‘ਚ 39, ਰਾਜਪੁਰਾ ‘ਚ 67, ਪਾਤੜਾਂ ਸਬ ਡਵੀਜਨ ‘ਚ 27, ਸਮਾਣਾ ‘ਚ 17 ਅਤੇ ਦੁੱਧਨ ਸਾਧਾਂ ਸਬ ਡਵੀਜਨ ਦੀਆਂ ਮੰਡੀਆਂ ‘ਚ 27 ਜੀ.ਓ.ਜੀਜ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜਦਕਿ ਹਰ ਸਬ ਡਵੀਜਨ ‘ਚ ਦੋ ਸੁਪਰਵਾਈਜ਼ਰ ਕੰਮ ਕਰ ਰਹੇ ਹਨ।
ਇਸੇ ਦੌਰਾਨ ਸਮਾਣਾ ਦੇ ਜੀ.ਓ.ਜੀ. ਸੁਪਰਵਾਈਜ਼ਰ ਰਿਟਾਇਰਡ ਕੈਪਟਨ ਧਰਮਿੰਦਰ ਸਿੰਘ ਨੇ ਟੋਡਰਪੁਰ ਦੀ ਅਨਾਜ ਮੰਡੀ ਦਾ ਦੌਰਾ ਕਰਦਿਆਂ ਜਿੱਥੇ 10 ਅਪ੍ਰੈਲ ਤੋਂ ਪਹਿਲਾਂ ਮੰਡੀਆਂ ਦੀ ਸਾਫ਼-ਸਫ਼ਾਈ ਤੇ ਹੋਰ ਪ੍ਰਬੰਧਾਂ ਦੀ ਨਿਗਰਾਨੀ ਕੀਤੀ, ਉਥੇ ਹੀ ਹੁਣ ਮੰਡੀਆਂ ‘ਚ ਕਣਕ ਦੀ ਆਮਦ ਹੋਣ ‘ਤੇ ਲਗਾਤਾਰ ਕਿਸਾਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ‘ਚ ਬੇਲੋੜੀ ਭੀੜ ਨੂੰ ਘਟਾਉਣ ਕੋਵਿਡ ਨਿਯਮਾਂ ਦੀ ਪਾਲਣਾਂ ਕਰਵਾਉਣ ਅਤੇ ਕਣਕ ਦੀ ਸੁਚੱਜੀ ਖਰੀਦ ‘ਤੇ ਵੀ ਨਿਗਰਾਨੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਆਉਣ ‘ਤੇ ਸਬੰਧਤ ਐਸ.ਡੀ.ਐਮਜ ਨਾਲ ਤਾਲਮੇਲ ਕਰਕੇ ਇਸ ਦਾ ਨਿਵਾਰਨ ਕਰਵਾਇਆ ਜਾਂਦਾ ਹੈ ਅਤੇ ਨਾਲ ਹੀ ਆਪਣੇ ਜ਼ਿਲ੍ਹਾ ਮੁਖੀ ਨੂੰ ਵੀ ਫੀਡਬੈਕ ਭੇਜੀ ਜਾਂਦੀ ਹੈ।
ਇਸੇ ਦੌਰਾਨ ਮੰਡੀਆਂ ਦੇ ਅਧਿਕਾਰੀਆਂ, ਕਿਸਾਨਾਂ ਅਤੇ ਆੜ੍ਹਤੀਆਂ ਨੇ ਪੰਜਾਬ ਸਰਕਾਰ ਦੁਆਰਾ ਲਗਾਏ ਗਏ ਜੀ ਓ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਮੰਡੀ ਦੇ ਵਿਚ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਜੀ ਓ ਜੀ ਹੱਲ ਕਰਵਾਉਣ ਲਈ ਹਮੇਸ਼ਾ ਅੱਗੇ ਰਹਿੰਦੇ ਹਨ।






















