Ind Vs NZ 2nd Test: ਪਹਿਲੇ ਦਿਨ ਦੀ ਖੇਡ ਖਤਮ
– ਟਾਮ ਲੈਥਮ ਨੇ ਜੜਿਆ ਅਰਧ ਸੈਂਕੜਾ
– ਬਲੰਡੇਲ 53 ਅਤੇ ਗਲੇਨ ਫਿਲਿਪਸ 36 ਦੌੜਾਂ ਬਣਾ ਕੇ ਕ੍ਰੀਜ਼ ’ਤੇ ਨਾਬਾਦ
ਚੰਡੀਗੜ੍ਹ, 27 ਨਵੰਬਰ (ਵਿਸ਼ਵ ਵਾਰਤਾ): ਕ੍ਰਾਈਸਟਚਰਚ ਦੇ ਹੇਗਲੇ ਓਵਲ ਮੈਦਾਨ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦੇ ਪਹਿਲੇ ਦਿਨ ਮੇਜ਼ਬਾਨ ਟੀਮ ਨੇ 5 ਵਿਕਟਾਂ ਦੇ ਨੁਕਸਾਨ ’ਤੇ 246 ਦੌੜਾਂ ਬਣਾ ਲਈਆਂ। ਦਿਨ ਦੀ ਖੇਡ ਖ਼ਤਮ ਹੋਣ ਸਮੇਂ ਟਾਮ ਬਲੰਡੇਲ 53 ਅਤੇ ਗਲੇਨ ਫਿਲਿਪਸ 36 ਦੌੜਾਂ ਬਣਾ ਕੇ ਨਾਬਾਦ ਸਨ।
ਸ਼ੁੱਕਰਵਾਰ ਨੂੰ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ ਹੇਗਲੇ ਓਵਲ ਦੀਆਂ ਗੇਂਦਬਾਜ਼ਾਂ ਲਈ ਮਦਦਗਾਰ ਮੰਨੀਆਂ ਜਾਂਦੀਆਂ ਹਾਲਤਾਂ ਦਾ ਭਾਰਤੀ ਗੇਂਦਬਾਜ਼ ਪੂਰਾ ਫ਼ਾਇਦਾ ਨਹੀਂ ਉਠਾ ਸਕੇ। ਪਹਿਲੇ ਸੈਸ਼ਨ ਦੀ ਸਮਾਪਤੀ ਤੱਕ ਨਿਊਜ਼ੀਲੈਂਡ ਨੇ ਇੱਕ ਵਿਕਟ ਗੁਆ ਕੇ 77 ਦੌੜਾਂ ਬਣਾ ਲਈਆਂ ਸਨ।
ਦੂਜੇ ਸੈਸ਼ਨ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕਰਦਿਆਂ ਲਗਾਤਾਰ ਤਿੰਨ ਓਵਰਾਂ ਵਿੱਚ ਤਿੰਨ ਵਿਕਟਾਂ ਹਾਸਲ ਕੀਤੀਆਂ। ਇਸ ਨਾਲ ਮੇਜ਼ਬਾਨ ਟੀਮ ਦਬਾਅ ਵਿੱਚ ਆ ਗਈ। ਪਰ ਆਖ਼ਰੀ ਸੈਸ਼ਨ ਵਿੱਚ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਸੰਭਲ ਕੇ ਖੇਡਦਿਆਂ 115 ਦੌੜਾਂ ਜੋੜੀਆਂ ਅਤੇ ਟੀਮ ਨੂੰ ਮੁੜ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ।
ਨਿਊਜ਼ੀਲੈਂਡ ਵੱਲੋਂ ਕਪਤਾਨ ਟਾਮ ਲੈਥਮ ਨੇ 59 ਦੌੜਾਂ ਦੀ ਪਾਰੀ ਖੇਡੀ, ਜਦਕਿ ਡੇਵੋਨ ਕਾਨਵੇ ਨੂੰ ਗੁਰਨੂਰ ਬਰਾੜ ਨੇ ਆਊਟ ਕਰਕੇ ਪਹਿਲੀ ਵਿਕਟ ਲਈ ਸਾਂਝੇਦਾਰੀ ਤੋੜੀ। ਡੈਰਿਲ ਮਿਚੇਲ ਨੇ 31, ਹੈਨਰੀ ਨਿਕੋਲਸ ਨੇ 16 ਦੌੜਾਂ ਬਣਾਈਆਂ, ਜਦਕਿ ਰਚਿਨ ਰਵਿੰਦਰਾ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ।























