- ਰਾਜਸਥਾਨ ਦੇ ਕੋਟਾ ਸ਼ਹਿਰ ਤੋਂ ਚੂਰਾ ਪੋਸਤ ਤਸਕਰੀ ਕਰ ਲਿਆ ਰਿਹਾ ਸਮਗਲਰ ਗਿਰਫ਼ਤਾਰ
- ਕੈਂਟਰ ਵਿਚੋਂ 3.80 ਕੁਇੰਟਲ ਭੁੱਕੀ ਦੀਆਂ 19 ਬੋਰਿਆਂ ਬਰਾਮਦ
ਜਲੰਧਰ 23 ਜਨਵਰੀ (ਵਿਸ਼ਵ ਵਾਰਤਾ)- ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਵਲੋਂ ਇਕ ਹੋਰ ਅੰਤਰ ਰਾਜੀ ਨਸ਼ਾ ਤਸਕਰੀ ਗਿਰੋਹ ਨੂੰ ਫਗਵਾੜਾ ਦੇ ਰਾਵਲਪਿੰਡੀ ਥਾਣਾ ਦੇ ਇਲਾਕੇ ਵਿਚੋਂ ਗਿਰਫ਼ਤਾਰ ਕਰਕੇ ਚੂਰਾ ਪੋਸਤ ਦੀ ਇਕ ਵੱਡੀ ਖੇਪ ਦੀ ਬਰਾਮਦਗੀ ਕੀਤੀ ਹੈ।ਜਦੋਂ ਇਹ ਤਸਕਰ ਟਰੱਕ ਵਿਚ ਖੁਫੀਆ ਤੋਰ ਤੇ ਬਣਾਏ ਬਕਸੇ ਵਿਚ 380 ਕੁਇੰਟਲ ਭੁੱਕੀ ਦੀਆਂ 19 ਬੋਰਿਆਂ ਨੂੰ ਲੁਕੋ ਕੇ ਵੰਡਣ ਜਾ ਰਹੇ ਸਨ।
ਇਕ ਪ੍ਰੈਸ ਰਿਲੀਜ਼ ਵਿਚ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਜਲੰਧਰ ਵਲੋਂ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਤੇ ਪਿਛਲੇ ਕੁਛ ਸਮੇਂ ਤੋਂ ਚੌਕਸੀ ਰੱਖੀ ਜਾ ਰਹੀ ਹੈ ਅਤੇ ਉਸੇ ਲੜ੍ਹੀ ਵਿਚ ਅੱਜ ਇਕ ਸੂਚਨਾ ਪ੍ਰਾਪਤ ਹੋਈ ਕਿ ਕੁਛ ਨਸ਼ਾ ਤਸਕਰ ਇਕ ਬਲੈਰੋ ਕੈਂਪਰ ਵਿਚ ਅਤੇ ਇਕ ਕੈਂਟਰ ਨੰਬਰ ਪੀ ਬੀ 10 ਐੱਫ ਐੱਫ 6503 ਵਿਚ ਰਾਜਸਥਾਨ ਦੇ ਕੋਟਾ ਸ਼ਹਿਰ ਤੋਂ ਲਿਆ ਕੇ ਪੰਜਾਬ ਵਿਚ ਸਪਲਾਈ ਕਰਨ ਜਾ ਰਹੇ ਹਨ।
ਸੂਚਨਾ ਸੱਚੀ ਅਤੇ ਭਰੋਸੇ ਯੋਗ ਹੋਣ ਤੇ ਏ ਆਈ ਜੀ ਖੱਖ ਨੇ ਇਹ ਸੂਚਨਾ ਤੁਰੰਤ ਐੱਸ ਐੱਸ ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਜੀ ਨਾਲ ਸਾਂਝਾ ਕੀਤਾ ਅਤੇ ਐੱਸ ਪੀ ਸ੍ਰੀ ਮਨਦੀਪ ਸਿੰਘ ਜੀ ਦੀ ਅਗਵਾਈ ਵਿਚ ਕਾਉਂਟਰ ਇੰਟੈਲੀਜੈਂਸ ਅਤੇ ਥਾਣਾ ਰਾਵਲਪਿੰਡੀ ਦੇ ਕਰਮਚਾਰੀਆਂ ਦੀ ਇਕ ਸਾਂਝੀ ਟੀਮ ਤਿਆਰ ਤਸਕਰਾਂ ਨੂੰ ਗਿਰਫ਼ਤਾਰ ਕਰਨ ਲਈ ਭੇਜਿਆ।
ਸ੍ਰੀ ਖੱਖ ਨੇ ਦੱਸਿਆ ਕੇ ਪੁਲਿਸ ਟੀਮ ਨੇ ਹੂਸ਼ਿਆਰਪੁਰ ਫਗਵਾੜਾ ਸੜਕ ਤੇ ਇਕ ਵਿਸ਼ੇਸ਼ ਚੈਕਿੰਗ ਸ਼ੁਰੂ ਕੀਤੀ ਅਤੇ ਫਗਵਾੜਾ ਵਲੋਂ ਆ ਰਹੀ ਇਕ ਚਿੱਟੇ ਰੰਗ ਦੀ ਬਲੈਰੋ ਗੱਡੀ ਨੂੰ ਰੁਕਣ ਲਈ ਇਸ਼ਾਰਾ ਕੀਤਾ ਪਰ ਬਲੈਰੋ ਦੇ ਡਰਾਈਵਰ ਨੇ ਨਾਕਾ ਤੋੜ ਕੇ ਗੱਡੀ ਭਜਾ ਲਈ ਅਤੇ ਪੁਲਿਸ ਟੀਮ ਨੇ ਬਲੈਰੋ ਗੱਡੀ ਦਾ ਪਿੱਛਾ ਕਰਦੇ ਆ ਰਹੇ ਕੈਂਟਰ ਜਿਸ ਨੂੰ ਵੇਦ ਪ੍ਰਕਾਸ਼ ਨਾਮ ਦਾ ਵਿਅਕਤੀ ਚਲਾ ਰਿਹਾ ਸੀ, ਨੂੰ ਹੁਸ਼ਿਆਰੀ ਨਾਲ ਰੋਕ ਲਿਆ।
ਏ ਆਈ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਨੇ ਗੱਡੀ ਦੀ ਤਲਾਸ਼ੀ ਦੇ ਦੌਰਾਨ ਡਰਾਈਵਰ ਦੀ ਸੀਟ ਦੇ ਥੱਲੇ ਲੂਕਾ ਕੇ ਰੱਖੀਆਂ 2 ਬੋਰਿਆਂ ਚੁਰਾ ਪੋਸਤ ਅਤੇ ਗੱਡੀ ਦੀ ਬਾਡੀ ਵਿਚ ਵਿਸ਼ੇਸ ਤੋਰ ਤੇ ਤਿਆਰ ਕੀਤੇ ਬਕਸੇ ਵਿਚੋਂ 17 ਬੋਰਿਆਂ ਚੁਰਾ ਪੋਸਤ ਬਰਾਮਦ ਕੀਤਾ। ਗਿਰਫ਼ਤਾਰ ਕੀਤੇ ਮੁਲਜ਼ਮ ਦੀ ਪਹਿਚਾਣ ਵੇਦ ਪ੍ਰਕਾਸ਼ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਪਪਰਾ ਹਾਮਿਰਪੁਰ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ।
ਗਿਰਫ਼ਤਾਰ ਮੁਲਜ਼ਮ ਦੀ ਮੁਢਲੀ ਪੁੱਛ ਗਿੱਛ ਵਿਚ ਇਹ ਖੁਲਾਸਾ ਹੋਇਆ ਹੈ ਕਿ ਸਵਰਨ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਰਮਜੀਤ ਨਗਰ ਲੁਧਿਆਣਾ ਜੋ ਕਿ ਨਾਕੇ ਤੋਂ ਬਲੈਰੋ ਗੱਡੀ ਭਜਾ ਕੇ ਭੱਜ ਗਿਆ ਸੀ ਉਸਨੇ ਇਹ ਕੈਂਟਰ ਨਸ਼ਾ ਤਸਕਰੀ ਕਰਨ ਲਈ ਖਰੀਦ ਕੀਤਾ ਸੀ ਅਤੇ ਇਸ ਵਿਚ ਇਕ ਵਿਸ਼ੇਸ ਕਿਸਮ ਦਾ ਬਕਸਾ ਵੀ ਤਿਆਰ ਕਰਵਾਇਆ ਸੀ ਇਸ ਤੋਂ ਬਾਅਦ ਸਵਰਨ ਸਿੰਘ ਨੇ ਵੇਦ ਪ੍ਰਕਾਸ਼ ਨਾਲ ਸੰਪਰਕ ਬਣਾਇਆ ਤੇ ਉਸ ਨੂੰ ਤਸਕਰੀ ਕਰਨ ਲਈ ਲਾਲਚ ਦੇ ਕੇ ਨਾਲ ਮਿਲਾ ਲਿਆ ਸੀ।
ਏ ਆਈ ਜੀ ਨੇ ਅੱਗੇ ਦੱਸਿਆ ਕਿ ਇਹ ਦੋਵੇਂ ਦੋਸ਼ੀ ਪਿਛਲੇ ਕੁਝ ਸਮੇਂ ਤੋਂ ਰਾਜਸਥਾਨ ਦੇ ਕੋਟਾ ਸ਼ਹਿਰ ਤੋਂ ਇਹ ਨਸ਼ਾ ਖੇਪ ਲਿਆ ਕੇ ਪੰਜਾਬ ਦੇ ਇਲਾਕੇ ਵਿਚ ਸਪਲਾਈ ਕਰ ਰਹੇ ਸਨ। ਇਹਨਾਂ ਨੇ ਗੱਡੀ ਵਿੱਚ ਪਲਾਈ ਅਤੇ ਟੀਨ ਦੀਆਂ ਚਾਦਰਾਂ ਨਾਲ ਇਕ ਬਹੁਤ ਵਧੀਆ ਬਕਸਾ ਤਿਆਰ ਕੀਤਾ ਹੋਇਆ ਸੀ ਤਾਂ ਜੋ ਪੁਲਿਸ ਨੂੰ ਇਹਨਾਂ ਤੇ ਕਿਸੇ ਤਰਾਂ ਦਾ ਸ਼ੱਕ ਨਾ ਹੋ ਸਕੇ।
ਦੋਸ਼ੀਆਂ ਦੇ ਖਿਲਾਫ ਐਨ ਡੀ ਪੀ ਐੱਸ ਐਕਟ ਦੀ ਧਾਰਾ 15/61/85 ਤਹਿਤ ਮੁਕਦਮਾ ਪੁਲਿਸ ਥਾਣਾ ਰਾਵਲਪਿੰਡੀ ਫਗਵਾੜਾ ਵਿਚ ਦਰਜ ਕੀਤਾ ਗਿਆ ਹੈ ਅਤੇ ਮੌਕੇ ਤੋਂ ਨਾਕਾ ਤੋੜ ਕੇ ਭੱਜੇ ਸਵਰਨ ਸਿੰਘ ਨੂੰ ਗਿਰਫ਼ਤਾਰ ਕਰਨ ਲਈ ਪੁਲਿਸ ਪਾਰਟੀਆਂ ਨੂੰ ਭੇਜਿਆ ਗਿਆ ਹੈ।
ਸ੍ਰੀ ਖੱਖ ਨੇ ਹੋਰ ਦੱਸਿਆ ਕਿ ਮੁਲਜ਼ਮ ਨੂੰ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ ਤਾਂ ਕਿ ਇਸ ਗਿਰੋਹ ਵਿਚ ਸ਼ਾਮਿਲ ਹੋਰ ਮੈਂਬਰਾਂ ਦੀ ਸ਼ਨਾਖਤ ਕਰਕੇ ਓਹਨਾਂ ਨੂੰ ਗਿਰਫ਼ਤਾਰ ਕੀਤਾ ਜਾ ਸਕੇ
ਏ ਆਈ ਜੀ ਨੇ ਇਹ ਵੀ ਦੱਸਿਆ ਕਿ ਕਾਉਂਟਰ ਇੰਟੈਲੀਜੈਂਸ ਜਲੰਧਰ ਵਲੋਂ ਪਿਛਲੇ ਕੁਛ ਅਰਸੇ ਦੌਰਾਨ ਚੂਰਾ ਪੋਸਤ ਤਸਕਰੀ ਦੀ ਫੜ੍ਹੀ ਗਈ ਇਹ 17ਵੀ ਵੱਡੀ ਖੇਪ ਹੈ ਅਤੇ ਪੁਲਿਸ ਵਲੋਂ ਨਸ਼ਾ ਮੁਕਤ ਪੰਜਾਬ ਲਈ ਦਬਿਸ਼ ਜਾਰੀ ਹੈ।