
ਬੁਢਲਾਡਾ, 11 ਅਪ੍ਰੈਲ (ਵਿਸ਼ਵ ਵਾਰਤਾ ) – ਕਰੋਨਾ ਵਾਇਰਸ ਮਹਾਂਮਾਰੀ ਦੇ ਖਿਲਾਫ ਜੰੰਗ ਵਿਚ ਮੋਹਰਲੀ ਕਤਾਰ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਜਿਲ੍ਹੇ ਦੇ ਮੀਡੀਆ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਅਤੇ ਸੂਬੇ ਦੇ ਵੱਡੇ ਹਿੱਤਾਂ ਲਈ ਸਿਹਤ ਅਧਿਕਾਰੀਆਂ ਵੱਲੋਂ ਸਮੇਂ^ਸਮੇਂ ਤੇ ਜਾਰੀ ਕੀਤੇ ਗਏ ਇਤਿਹਾਤ ਵਜੋਂ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਾਲ ਸਮਾਜਿਕ ਦੂਰੀ ਨੂੰ ਬਣਾ ਕੇ ਰੱਖਣ. ਡਾ. ਭਾਰਗਵ ਨੇ ਕਿਹਾ ਕਿ ਪੱਤਰਕਾਰਤਾ ਦੇ ਫਰਜ਼ਾਂ, ਖ਼ਾਸਕਰ ਅਜਿਹੇ ਸੰਕਟਕਾਲੀ ਤੇ ਬੇਮਿਸਾਲ ਸਮਿਆਂ ਵਿਚ ਆਪਣੀ ਜਾਨ ਦਾਅ ਤੇ ਲਗਾ ਕੇ ਖੇਤਰ ਵਿਚ ਖ਼ਬਰਾਂ ਦੀ ਕਰਵਰੇਜ ਕਰਨਾ ਇੱਕ ਵੱਡੀ ਚੁਣੌਤੀ ਹੈ. ਇਸ ਲਈ ਇੰਟਰਵਿਊ, ਪ੍ਰੈਸ ਕਰਨ ਸਮੇਂ ਸਮਾਜਕ ਦੂਰੀ ਦੇ ਨਿਯਮਾਂ ਅਤੇ ਮਾਸਕ ਪਹਿਨਣਾ, ਦੂਰ ਤੋਂ ਰਿਕਾਰਡਿੰਗ ਕਰਨਾ ਆਦਿ ਵਰਗੀਆਂ ਹੋਰ ਸਿਹਤ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਲੋੜ ਹੈ. ਉਨ੍ਹਾਂ ਕਿਹਾ ਕਿ ਸਾਡਾ ਮੀਡੀਆ ਭਾਈਚਾਰਾ ਹਮੇਸ਼ਾਂ ਦੀ ਤਰਾਂ ਹੀ ਕਰੋਨਾ ਵਾਇਰਸ ਵਿਰੁੱਧ ਇਸ ਜੰਗ ਵਿਚ ਵੀ ਸਭ ਤੋਂ ਅੱਗੇ ਹੈ ਅਤੇ ਜਾਣਕਾਰੀ ਦੇ ਪ੍ਰਵਾਹ ਨੂੰ ਯਕੀਨੀ ਬਣਾਉਣ ਵਿਚ ਮੀਡੀਆ ਵਲੋਂ ਨਿਭਾਇਆ ਜਾ ਰਿਹਾ ਅਹਿਮ ਯੋਗਦਾਨ ਸ਼ਲਾਘਾਯੋਗ ਹੈ. ਉਨ੍ਹਾ ਕਿਹਾ ਕਿ ਸੰਕਰਮਣ ਤੋਂ ਬਚਣ ਲਈ ਖੰਘਣ ਜਾਂ ਛਿੱਕ ਆਉਣ ਵੇਲੇ ਨਿਯਮਤ ਹੱਥ ਧੋਣ ਅਤੇ ਚਿਹਰੇ ਨੂੰ ਢੱਕਣ ਤੋਂ ਇਲਾਵਾ ਚੰਗੀ ਤਰਾਂ ਪਕਾਏ ਗਏ ਘਰ ਦੇ ਭੋਜਨ ਖਾਣ ਨੂੰ ਹੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ. ਦਿਨ ਵਿਚ ਦੋ ਵਾਰ ਆਪਣੀ ਕੰਮ ਵਾਲੀ ਥਾਂ ਦੇ ਉਪਕਰਣਾਂ ਜਿਵੇਂ ਲੈਪਟਾਪਸ, ਮਾਇਕ, ਡੈਸਕਟਾਪਸ, ਮਸ਼ੀਨਾਂ ਆਦਿ ਨੂੰ ਸਾਫ ਅਤੇ ਰੋਗਾਣੂ-ਮੁਕਤ ਕਰਨਾ ਬਹੁਤ ਲੋੜੀਂਦਾ ਹੈ ਅਤੇ ਇਸ ਨੂੰ ਬਹੁਤ ਮਹੱਤਵਪੂਰਣ ਤੌਰ ਤੇ ਯਕੀਨੀ ਬਣਾਉਣਾ ਚਾਹੀਦਾ ਹੈ. ਪੱਤਰਕਾਰ ਭਾਈਚਾਰੇ ਦੀ ਪੂਰਨ ਭਲਾਈ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਐਸ ਐਸ ਪੀ ਨੇ ਕਿਹਾ ਕਿ ਇਨਾਂ ਮੁਸ਼ਕਲ ਸਮਿਆਂ ਵਿੱਚ ਮੀਡੀਆ ਵੱਲੋਂ ਨਿਭਾਈ ਵੱਡੀ ਭੂਮਿਕਾ ਨੇ ਹੋਰਨਾਂ ਲਈ ਵੀ ਨਵੇਂ ਮਾਪਦੰਡ ਕਾਇਮ ਕੀਤੇ ਹਨ.




















