ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ) ਪੰਜਾਬ ਵਿੱਚ ਅੱਜ ਤੋਂ ਜਨਗਣਨਾ ਦਾ ਦੂਜਾ ਪੜਾਅ ਸ਼ੁਰੂ ਹੋ ਰਿਹਾ ਹੈ। ਇਸ ਪੜਾਅ ਦੌਰਾਨ, ਪਰਿਵਾਰ ਦੇ ਹਰੇਕ ਮੈਂਬਰ ਬਾਰੇ ਨਿੱਜੀ ਜਾਣਕਾਰੀ ਅੱਪਡੇਟ ਕੀਤੀ ਜਾਵੇਗੀ। ਕੁੱਲ 40 ਸਵਾਲ ਪੁੱਛੇ ਜਾਣਗੇ, ਜਿਨ੍ਹਾਂ ਵਿੱਚ ਜਾਤ, ਵਿਆਹੁਤਾ ਸਥਿਤੀ ਅਤੇ ਰਿਹਾਇਸ਼ ਬਦਲਣ ਦੇ ਕਾਰਨਾਂ ਵਰਗੇ ਵਿਸ਼ੇ ਸ਼ਾਮਲ ਹੋਣਗੇ। 16 ਨਵੰਬਰ ਤੋਂ 30 ਨਵੰਬਰ ਤੱਕ ਚੱਲਣ ਵਾਲੇ ਇਸ ਪੜਾਅ ਵਿੱਚ, ਲੋਕ ਆਪਣੇ ਘਰ ਬੈਠੇ ਹੀ ਆਨਲਾਈਨ ਆਪਣੀ ਜਾਣਕਾਰੀ ਦੇ ਸਕਦੇ ਹਨ। ਇਸ ਤੋਂ ਬਾਅਦ, 1 ਦਸੰਬਰ ਤੋਂ ਸਰਕਾਰੀ ਅਧਿਕਾਰੀ ਡਾਟਾ ਦੀ ਤਸਦੀਕ (verification) ਕਰਨ ਲਈ ਘਰ-ਘਰ ਜਾਣਗੇ। ਲੋਕ 16 ਨਵੰਬਰ ਤੋਂ 30 ਨਵੰਬਰ ਤੱਕ, se.census.gov.in ‘ਤੇ ਜਾ ਕੇ ਆਨਲਾਈਨ 40 ਸਵਾਲਾਂ ਦੇ ਜਵਾਬ ਦੇ ਸਕਦੇ ਹਨ। ਫਾਰਮ ਜਮ੍ਹਾਂ ਕਰਨ ‘ਤੇ, ਇੱਕ ਵਿਲੱਖਣ ਹਵਾਲਾ ਨੰਬਰ (SE ID) ਜਾਰੀ ਕੀਤਾ ਜਾਵੇਗਾ, ਜਿਸਨੂੰ ਤਸਦੀਕ ਪ੍ਰਕਿਰਿਆ ਦੌਰਾਨ ਅਧਿਕਾਰੀ ਨੂੰ ਦਿਖਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਜਿਹੜੇ ਲੋਕ ਆਨਲਾਈਨ ਫਾਰਮ ਨਹੀਂ ਭਰਦੇ, ਉਨ੍ਹਾਂ ਦੇ ਘਰ 1 ਦਸੰਬਰ ਤੋਂ 4 ਜਨਵਰੀ, 2027 ਦੇ ਵਿਚਕਾਰ ਸਰਕਾਰੀ ਅਧਿਕਾਰੀ ਆਉਣਗੇ, ਜੋ 40 ਸਵਾਲ ਪੁੱਛਣਗੇ ਅਤੇ ਲੋੜੀਂਦੀ ਜਾਣਕਾਰੀ ਦਰਜ ਕਰਨਗੇ। ਇਸ ਦੇ ਨਾਲ ਹੀ 5 ਜਨਵਰੀ ਤੋਂ 9 ਜਨਵਰੀ, 2027 ਤੱਕ ਦਾ ਸਮਾਂ ਉਨ੍ਹਾਂ ਲੋਕਾਂ ਨੂੰ ਸ਼ਾਮਲ ਕਰਨ ਲਈ ਦਿੱਤਾ ਜਾਵੇਗਾ ਜੋ ਰਹਿ ਗਏ ਸਨ, ਅਤੇ ਦਰਜ ਕੀਤੀ ਗਈ ਜਾਣਕਾਰੀ ਵਿੱਚ ਕੋਈ ਗਲਤੀ ਹੋਣ ‘ਤੇ ਉਸਨੂੰ ਠੀਕ ਕਰਨ ਲਈ ਦਿੱਤਾ ਜਾਵੇਗਾ।






















