ਕਰਨਾਲ ਤੋਂ ਫੜੇ ਗਏ ਚਾਰ ਅੱਤਵਾਦੀਆਂ ਦੇ ਸਾਥੀਆਂ ਦੀ ਭਾਲ ‘ਚ ਜੁਟੀ ਪੁਲਿਸ
2 ਅੱਤਵਾਦੀਆਂ ਦੇ ਰਿਸ਼ਤੇਦਾਰ ਨੂੰ ਲਿਆ ਹਿਰਾਸਤ ‘ਚ
ਚੰਡੀਗੜ੍ਹ,6 ਮਈ(ਵਿਸ਼ਵ ਵਾਰਤਾ)-ਪੁਲਿਸ ਅਤੇ ਸੁਰੱਖਿਆ ਏਜੰਸੀਆਂ ਬੀਤੇ ਕੱਲ੍ਹ ਹਰਿਆਣਾ ਦੇ ਕਰਨਾਲ ਤੋਂ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਸਮੇਤ ਫੜੇ ਗਏ 4 ਅੱਤਵਾਦੀਆਂ ਦੇ ਸਾਥੀਆਂ ਦੀ ਭਾਲ ਵਿੱਚ ਜੁਟ ਗਈਆਂ ਹਨ। ਇਸੇ ਮਾਮਲੇ ਵਿੱਚ ਹੁਣ ਫ਼ਿਰੋਜਪੁਰ ਸੀਆਈਏ ਨੇ ਚਾਰਾਂ ਅੱਤਵਾਦੀਆਂ ਦੇ 2 ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਫਿਲਹਾਲ ਦੋਵੇਂ ਨੌਜਵਾਨ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਇਹਨਾਂ ਖਿਲਾਫ ਪਾਕਿਸਤਾਨ ਤੋਂ ਡਰੋਨ ਰਾਂਹੀਂ ਹਥਿਆਰ ਮੰਗਵਾਉਣ ਦੇ ਸ਼ੱਕ ਕਾਰਨ ਆਰਮਸ ਐਕਟ ਤੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚਾਰਾਂ ਅੱਤਵਾਦੀਆਂ ਵਿੱਚੋਂ 2 ਸਕੇ ਭਰਾਵਾਂ ਗੁਰਪ੍ਰੀਤ ਅਤੇ ਅਮਨਦੀਪ ਦੇ ਰਿਸ਼ਤੇਦਾਰ ਜਸ਼ਨਪ੍ਰੀਤ ਨੂੰ ਵੀ ਪੁਲਿਸ ਨੇ ਫਰੀਦਕੋਟ ਤੋੋਂ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਉਕਤ ਚਾਰਾਂ ਅੱਤਵਾਦੀਆਂ ਨੂੰ ਅਦਾਲਤ ਨੇ 10 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੋਇਆ ਹੈ। ਪੁਲਿਸ ਹੋਰ ਜਾਣਕਾਰੀ ਖੰਗਾਲਣ ਦੀ ਕੋਸ਼ਿਸ਼ ਚ ਲਗਾਤਾਰ ਹੋਰ ਪੁੱਛਗਿੱਛ ਕਰ ਰਹੀ ਹੈ।























