ਐੱਸਬੀਐੱਸ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 172341 ਮੀਟਿ੍ਰਕ ਟਨ ਝੋਨੇ ਦੀ ਹੋਈ ਆਮਦ
ਖਰੀਦੀ ਜਿਣਸ ਦੀ 322 ਕਰੋੜ ਦੀ ਅਦਾਇਗੀ ਹੋਈ ਕਿਸਾਨਾਂ ਦੇ ਖਾਤਿਆਂ ’ਚ
ਨਵਾਂਸ਼ਹਿਰ, 26 ਅਕਤੂਬਰ(ਵਿਸ਼ਵ ਵਾਰਤਾ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ’ਚ ਮਿੱਥੇ 3.81 ਲੱਖ ਟਨ ਦੇ ਟੀਚੇ ਦੇ ਮੁਕਾਬਲੇ ਹੁਣ ਤੱਕ 172341 ਮੀਟਿ੍ਰਕ ਟਨ ਝੋਨਾ ਆ ਚੁੱਕਾ ਹੈ, ਜਿਸ ਦੀ ਚੁਕਾਈ ਅਤੇ ਅਦਾਇਗੀ ਵੀ ਨਿਰਵਿਘਨ ਹੋ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਹੁਣ ਤੱਕ ਖਰੀਦੀ ਗਈ 172341 ਮੀਟਿ੍ਰਕ ਟਨ ਜਿਣਸ ’ਚੋਂ 134566 ਮੀਟਿ੍ਰਕ ਟਨ ਦੀ ਚੁਕਾਈ ਹੋ ਚੁੱਕੀ ਹੈ, ਜੋ ਕਿ 72 ਘੰਟਿਆਂ ਦੀ ਨਿਰਧਾਰਿਤ ਸ਼ਰਤ ਮੁਤਾਬਕ 100 ਫ਼ੀਸਦੀ ਬਣਦੀ ਹੈ। ਇਸੇ ਤਰ੍ਹਾਂ ਹੁਣ ਤੱਕ ਹੋਈ 322.55 ਕਰੋੜ ਰੁਪਏ ਦੀ ਅਦਾਇਗੀ ਨਿਰਧਾਰਿਤ 48 ਘੰਟਿਆਂ ਦੀ ਸ਼ਰਤ ਮੁਤਾਬਕ 103 ਫ਼ੀਸਦੀ ਬਣਦੀ ਹੈ। ਇਹ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ’ਚ ਪਾਈ ਜਾ ਰਹੀ ਹੈ।
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰੇਨੂੰ ਬਾਲਾ ਵਰਮਾ ਅਨੁਸਾਰ ਪਨਗ੍ਰੇਨ ਨੇ ਇਸ ਖਰੀਦੇ ਮਾਲ ’ਚ 66713 ਮੀਟਿ੍ਰਕ ਟਨ ਦਾ ਯੋਗਦਾਨ ਪਾਇਆ ਹੈ ਜਦਕਿ ਮਾਰਕਫ਼ੈਡ ਨੇ 44179 ਮੀਟਿ੍ਰਕ ਟਨ ਝੋਨਾ ਖਰੀਦਿਆ ਹੈ। ਪਨਸਪ ਨੇ 44685 ਮੀਟਿ੍ਰਕ ਟਨ ਝੋਨਾ ਖਰੀਦਿਆ ਹੈ ਜਦਕਿ ਪੰਜਾਬ ਗੋਦਾਮ ਨਿਗਮ ਨੇ 14522 ਮੀਟਿ੍ਰਕ ਟਨ ਝੋਨਾ ਖਰੀਦਿਆ ਹੈ। ਐਫ ਸੀ ਆਈ ਨੇ 1531 ਮੀਟਿ੍ਰਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਨੇ 711 ਮੀਟਿ੍ਰਕ ਟਨ ਝੋਨਾ ਖਰੀਦ ਕੀਤਾ ਹੈ।
ਡਿਪਟੀ ਕਮਿਸ਼ਨਰ ਰੰਧਾਵਾ ਅਨੁਸਾਰ ਜ਼ਿਲ੍ਹੇ ’ਚ ਨਵਾਂਸ਼ਹਿਰ, ਬੰਗਾ ਤੇ ਬਲਾਚੌਰ ਦੀਆਂ ਮੇਨ ਮੰਡੀਆਂ ਸਮੇਤ 30 ਖਰੀਦ ਕੇਂਦਰ ਕੰਮ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਖਰੀਦ ਕਾਰਜਾਂ ’ਚ ਕੋਈ ਮੁਸ਼ਕਿਲ ਨਾ ਆਉਣ ਦੇਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਮੰਡੀਆਂ ’ਚ ਫ਼ਸਲ ਦੀ ਜਲਦ ਖਰੀਦ ਲਈ ਸੁੱਕੀ ਫ਼ਸਲ ਹੀ ਮੰਡੀਆਂ ’ਚ ਲੈ ਕੇ ਆਉਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਫ਼ਸਲ ਕੱਟ ਚੁੱਕੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕਰਦਿਆਂ ਕਿਹਾ ਕਿ ਅਗਲੀ ਫ਼ਸਲ ਬੀਜਣ ਲਈ ਪਰਾਲੀ ਜਾਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਈ ਜਾਵੇ ਅਤੇ ਖੇਤੀ ਮਾਹਿਰਾਂ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਪਰਾਲੀ/ਫ਼ਸਲੀ ਰਹਿੰਦ-ਖੂੰਹਦ ਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਵੱਡੀ ਪੱਧਰ ’ਤੇ ਪਰਾਲੀ ਸੰਭਾਲ/ ਬਿਨਾਂ ਅੱਗ ਲਾਇਆਂ ਕਣਕ ਬੀਜਣ ਲਈ ਵੱਖ-ਵੱਖ ਤਰ੍ਹਾਂ ਦੇ ਨਵੀਤਨਮ ਖੇਤੀ ਯੰਤਰ ਮੌਜੂਦ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਪਰਾਲੀ ਦਾ ਬਿਨਾਂ ਜਲਾਇਆ ਨਿਪਟਾਰਾ ਸੰਭਵ ਹੈ।























