ਉੱਘੇ ਸਿੱਖਿਆ ਸ਼ਾਸਤਰੀ ਅਤੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ: ਰਤਨ ਸਿੰਘ ਜੱਗੀ ਨੂੰ ਪੰਜਾਬ ਯੂਨੀਵਰਸਿਟੀ ਦੀ 70ਵੀਂ ਕਨਵੋਕੇਸ਼ਨ ਦੌਰਾਨ ‘ਗਿਆਨ ਰਤਨ ਐਵਾਰਡ’ ਨਾਲ ਕੀਤਾ ਗਿਆ ਸਨਮਾਨਿਤ
ਚੰਡੀਗੜ੍ਹ,20ਮਈ(ਵਿਸ਼ਵ ਵਾਰਤਾ)- ਉੱਘੇ ਸਿੱਖਿਆ ਸ਼ਾਸਤਰੀ ਅਤੇ ਸਿੱਖ ਵਿਦਵਾਨ ਪਦਮ ਸ੍ਰੀ ਡਾ. ਰਤਨ ਸਿੰਘ ਜੱਗੀ ਨੂੰ ਅੱਜ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਪੰਜਾਬ ਯੂਨੀਵਰਸਿਟੀ ਦੀ 70ਵੀਂ ਕਨਵੋਕੇਸ਼ਨ ਦੌਰਾਨ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਦੇ ਵੱਡੇਮੁੱਲੇ ਯੋਗਦਾਨ ਲਈ ਪੰਜਾਬ ਯੂਨੀਵਰਸਿਟੀ ਦੇ ਮਾਣਮੱਤੇ ਸਨਮਾਨ ‘ਗਿਆਨ ਰਤਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
95 ਵਰ੍ਹਿਆਂ ਦੇ ਡਾ: ਜੱਗੀ, ਹਿੰਦੀ ਅਤੇ ਪੰਜਾਬੀ ਦੇ ਉੱਘੇ ਵਿਦਵਾਨ ਹਨ ਅਤੇ ਗੁਰਮਤ ਤੇ ਭਗਤੀ ਲਹਿਰ ਨਾਲ ਸਬੰਧਤ ਸਾਹਿਤ ਵਿੱਚ ਉਹਨਾਂ ਦਾ ਵੱਡਮੁੱਲਾ ਯੋਗਦਾਨ ਹੈ। ਜ਼ਿਕਰਯੋਗ ਹੈ ਕਿ ਡਾ: ਜੱਗੀ ਨੇ ਵੱਖ-ਵੱਖ ਵਿਸ਼ਿਆਂ ‘ਤੇ 144 ਪੁਸਤਕਾਂ ਲਿਖੀਆਂ ਹਨ ਜਿਨ੍ਹਾਂ ਵਿਚ ਸਿੱਖ ਧਰਮ ਗ੍ਰੰਥ, ਮੱਧਕਾਲੀ ਸਾਹਿਤ, ਸਿੱਖ ਫ਼ਲਸਫ਼ੇ ਤੋਂ ਇਲਾਵਾ ਸਿੱਖ ਧਾਰਮਿਕ ਸੰਕਲਪਾਂ ਅਤੇ ਸ਼ਬਦਾਵਲੀ ਦਾ ਵਿਸ਼ਵਕੋਸ਼ ਸ਼ਾਮਲ ਹੈ।