ਦਿੱਲੀ ‘ਚ ਸਾਹ ਲੈਣਾ ਹੋਇਆ ਔਖਾ! ਪ੍ਰਸ਼ਾਸਨ ਵਲੋਂ GRAP-III ਦੀਆਂ ਨਵੀਆਂ ਪਾਬੰਦੀਆਂ ਲਾਗੂ
ਚੰਡੀਗੜ੍ਹ, 6 ਨਵੰਬਰ 2026 (ਵਿਸ਼ਵ ਵਾਰਤਾ) : ਦਿੱਲੀ-ਐੱਨ.ਸੀ.ਆਰ. ਵਿੱਚ ਵਧਦੇ ਪ੍ਰਦੂਸ਼ਣ ਨੂੰ ਦੇਖਦਿਆਂ ਕਮਿਸ਼ਨ ਫਾਰ ਏਅਰ ਕਵਾਲਿਟੀ ਮੈਨੇਜਮੈਂਟ (CAQM) ਨੇ ਦਿੱਲੀ-ਐੱਨ.ਸੀ.ਆਰ. ਵਿੱਚ GRAP-III (ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ) ਲਾਗੂ ਕਰ ਦਿੱਤਾ ਹੈ। ਇਸ ਦੇ ਲਾਗੂ ਹੁੰਦਿਆਂ ਹੀ ਦਿੱਲੀ-ਐੱਨ.ਸੀ.ਆਰ. ਵਿੱਚ ਇਸ ਦੇ ਅਧੀਨ ਆਉਣ ਵਾਲੀਆਂ ਪਾਬੰਦੀਆਂ ਵੀ ਲਾਗੂ ਹੋ ਗਈਆਂ ਹਨ।
ਦੀਵਾਲੀ ਤੋਂ ਪਹਿਲਾਂ ਹੀ AQI 400 ਦੇ ਨੇੜੇ ਪਹੁੰਚ ਗਿਆ ਹੈ। ਏਅਰ ਕਵਾਲਿਟੀ ਇੰਡੈਕਸ ਵਿੱਚ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਨਵੀਂਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ।
ਇਸ ਦੌਰਾਨ ਹੇਠ ਲਿਖੇ ਕਾਰਜਾਂ ‘ਤੇ ਰੋਕ ਰਹੇਗੀ
ਗੈਰ-ਜ਼ਰੂਰੀ ਨਿਰਮਾਣ (ਉਸਾਰੀ) ਅਤੇ ਤੋੜ-ਫੋੜ ਦੇ ਕੰਮਾਂ ‘ਤੇ ਪੂਰੀ ਤਰ੍ਹਾਂ ਰੋਕ। ਇਸ ਵਿੱਚ ਮਿੱਟੀ ਦਾ ਕੰਮ, ਪਾਈਲਿੰਗ, ਖੁਦਾਈ ਅਤੇ ਰੇਡੀ-ਮਿਕਸ ਕੰਕਰੀਟ (RMC) ਪਲਾਂਟਾਂ ਦਾ ਖੁੱਲ੍ਹੇ ਵਿੱਚ ਕੰਮ ਕਰਨਾ ਸ਼ਾਮਲ ਹੈ।
ਦਿੱਲੀ ਅਤੇ ਆਸ-ਪਾਸ ਦੇ ਐੱਨ.ਸੀ.ਆਰ. (NCR) ਜ਼ਿਲ੍ਹਿਆਂ ਵਿੱਚ BS-3 ਪੈਟਰੋਲ ਅਤੇ BS-4 ਡੀਜ਼ਲ ਵਾਲੀਆਂ ਚਾਰ-ਪਹੀਆ ਗੱਡੀਆਂ ਦੇ ਚੱਲਣ ‘ਤੇ ਰੋਕ।
ਨਿਰਮਾਣ ਸਮੱਗਰੀ (ਜਿਵੇਂ ਰੇਤਾ ਅਤੇ ਸੀਮੈਂਟ) ਦੀ ਢੋਆ-ਢੁਆਈ ‘ਤੇ ਰੋਕ, ਖਾਸ ਕਰਕੇ ਕੱਚੀਆਂ ਸੜਕਾਂ ‘ਤੇ।
ਸਟੋਨ ਕਰੱਸ਼ਰ, ਮਾਈਨਿੰਗ (ਖਣਨ) ਅਤੇ ਹੌਟ-ਮਿਕਸ ਪਲਾਂਟ ਬੰਦ ਰਹਿਣਗੇ, ਜੋ ਕਲੀਨ ਫਿਊਲ (ਸਾਫ਼ ਬਾਲਣ) ਦੀ ਵਰਤੋਂ ਨਹੀਂ ਕਰ ਰਹੇ ਹਨ।
ਡੀਜ਼ਲ ਜਨਰੇਟਰ ਸੈੱਟਾਂ ਦੀ ਵਰਤੋਂ ‘ਤੇ ਰੋਕ (ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ)।
ਦਿੱਲੀ ਵਿੱਚ ਆਉਣ ਵਾਲੀਆਂ ਜਾਂ ਉੱਥੇ ਚੱਲਣ ਵਾਲੀਆਂ ਅੰਤਰ-ਰਾਜੀ (ਇੰਟਰ-ਸਟੇਟ) ਡੀਜ਼ਲ ਬੱਸਾਂ ‘ਤੇ ਰੋਕ।
ਨਿੱਜੀ ਕੰਪਨੀਆਂ ਲਈ ਸਲਾਹ ਕਿ ਉਹ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਲਈ ‘ਵਰਕ-ਫ੍ਰੌਮ-ਹੋਮ’ (ਘਰੋਂ ਕੰਮ) ਜਾਂ ‘ਹਾਈਬ੍ਰਿਡ’ ਮਾਡਲ ਅਪਨਾਉਣ।
ਛੋਟੇ ਬੱਚਿਆਂ ਨੂੰ ਜ਼ਹਿਰੀਲੀ ਹਵਾ ਤੋਂ ਬਚਾਉਣ ਲਈ 5ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਬੰਦ ਕਰਨਾ ਅਤੇ ਪੜ੍ਹਾਈ ਨੂੰ ਆਨਲਾਈਨ ਮੋਡ ‘ਚ ਸ਼ਿਫਟ ਕਰਨਾ।























