ਉੱਘੇ ਸਮਾਜਸੇਵੀ ਹਰਦਿਆਲ ਸਿੰਘ ਮੋਫ਼ਰ ਵੱਲੋਂ ਸਿਆਸਤ ਦਾ ਬਾਬਾ ਬੋਹੜ ਸਰਦਾਰ ਬਾਦਲ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ)-ਸਿਆਸਤ ਦਾ ਬਾਬਾ ਬੋਹੜ ਕਹੇ ਜਾਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਗਲਵਾਰ ਸ਼ਾਮ ਨੂੰ ਆਖਰੀ ਸਾਹ ਲਿਆ। ਸ਼ੁੱਕਰਵਾਰ ਸਵੇਰੇ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। 95 ਸਾਲ ਦੇ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ।
ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੇ ਉੱਘੇ ਸਮਾਜਸੇਵੀ ਤੇ ਸਰਦਾਰ ਬਾਦਲ ਦੇ ਪਰਮ ਮਿੱਤਰ ਰਹੇ ਹਰਦਿਆਲ ਸਿੰਘ ਮੋਫ਼ਰ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਦੀ ਦੁਖਦਾਈ ਖਬਰ ਮਿਲੀ, ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ ‘ਚ ਥਾਂ ਬਖਸ਼ੇ। ਇਸ ਦੁੱਖ ਦੀ ਘੜੀ ਵਿੱਚ ਮੇਰੀਆਂ ਚਿੰਤਾਵਾਂ ਤੇ ਸੰਵੇਦਨਾਵਾਂ ਪਰਿਵਾਰ ਨਾਲ ਹਨ, ਸਰਦਾਰ ਬਾਦਲ ਦਾ ਅਕਾਲ ਚਲਾਣਾ ਸਿਰਫ਼ ਪਰਿਵਾਰ ਲਈ ਹੀ ਨਹੀਂ ਸਗੋਂ, ਸਿਆਸਤ ਤੇ ਸਮੁੱਚੇ ਦੇਸ਼ ਲਈ ਘਾਟਾ ਹੈ, ਸਰਦਾਰ ਬਾਦਲ ਇੱਕ ਮਹਾਨ ਨੇਤਾ ਸਨ ਜਿਨ੍ਹਾਂ ਦਾ ਸਾਰੇ ਰਾਜਾਂ ਅਤੇ ਪਾਰਟੀ ਲਾਈਨਾਂ ਵਿੱਚ ਸਤਿਕਾਰ ਸੀ। ਉਹਨਾਂ ਦੀ ਅਣਹੋਂਦ ਲੰਬੇ ਸਮੇਂ ਤੱਕ ਮਹਿਸੂਸ ਕੀਤੀ ਜਾਵੇਗੀ।























