ਅੱਜ ਸਿਡਨੀ ‘ਚ ਭਾਰਤੀਆਂ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਮੋਦੀ
ਕੱਲ੍ਹ ਨੂੰ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਟੋਨੀ ਅਲਬਾਨੀਜ਼ ਨਾਲ ਕਰਨਗੇ ਮੁਲਾਕਾਤ
ਚੰਡੀਗੜ੍ਹ,23ਮਈ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਿਡਨੀ ਦੇ ਓਲੰਪਿਕ ਪਾਰਕ ਵਿੱਚ ਭਾਰਤੀ ਮੂਲ ਦੇ 20,000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਲਈ ਲੋਕਾਂ ਨੂੰ ਗੱਡੀਆਂ ਅਤੇ ਪ੍ਰਾਈਵੇਟ ਚਾਰਟਰ ਰਾਹੀਂ ਸਿਡਨੀ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਮੋਦੀ ਏਅਰਵੇਜ਼ ਦਾ ਨਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਇੱਕ ਕਾਰੋਬਾਰੀ ਸਮਾਗਮ ਵਿੱਚ ਵੀ ਸ਼ਿਰਕਤ ਕਰਨਗੇ ਅਤੇ ਆਸਟਰੇਲੀਆ ਦੇ ਸੀਈਓਜ਼ ਨਾਲ ਗੱਲਬਾਤ ਕਰਨਗੇ। ਮੋਦੀ ਦੀ ਆਸਟ੍ਰੇਲੀਆ ‘ਚ ਮੌਜੂਦਗੀ ਦੌਰਾਨ ਹੈਰਿਸ ਪਾਰਕ ਇਲਾਕੇ ਦਾ ਨਾਂ ‘ਲਿਟਲ ਇੰਡੀਆ’ ਰੱਖਿਆ ਜਾਵੇਗਾ। ਦੱਸ ਦਈਏ ਕਿ ਕੱਲ੍ਹ 24 ਮਈ ਨੂੰ ਪੀਐੱਮ ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਟੋਨੀ ਅਲਬਾਨੀਜ਼ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਦੋਵੇਂ ਨੇਤਾ ਦੁਵੱਲੇ ਸਬੰਧਾਂ ‘ਤੇ ਗੱਲਬਾਤ ਕਰਨਗੇ। ਮੋਦੀ ਇੱਥੇ ਆਸਟ੍ਰੇਲੀਆ ਦੇ ਗਵਰਨਰ ਜਨਰਲ ਡੇਵਿਡ ਜੌਹਨ ਹਰਲੇ ਨਾਲ ਵੀ ਮੁਲਾਕਾਤ ਕਰਨਗੇ।