ਅੱਜ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀ
ਸੁਰੱਖਿਆ ਦੇ ਕੀਤੇ ਗਏ ਹਨ ਸਖ਼ਤ ਪ੍ਰਬੰਧ
ਚੰਡੀਗੜ੍ਹ,28ਮਈ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸੰਸਦ ਭਵਨ ਦੇ ਉਦਘਾਟਨ ਲਈ ਸੰਸਦ ਭਵਨ ਪਹੁੰਚ ਗਏ ਹਨ। ਕੁਝ ਦੇਰ ਵਿੱਚ ਪੂਜਾ ਸ਼ੁਰੂ ਹੋ ਜਾਵੇਗੀ। ਚੇਨਈ ਤੋਂ ਆਏ ਧਰਮਪੁਰਮ ਅਧਾਨਮ ਮੱਠ ਦੇ 21 ਅਧਾਨਮ ਸੰਸਦ ਭਵਨ ਲਈ ਰਵਾਨਾ ਹੋ ਗਏ ਹਨ। ਸ਼ਨੀਵਾਰ ਨੂੰ ਇਨ੍ਹਾਂ ਸਾਧੂ-ਸੰਤਾਂ ਨੇ ਪੀਐਮ ਮੋਦੀ ਨੂੰ ਸੇਂਗੋਲ ਭੇਂਟ ਕੀਤਾ। ਸੰਸਦ ਵਿੱਚ ਸਪੀਕਰ ਦੀ ਕੁਰਸੀ ਦੇ ਕੋਲ ਸੇਂਗੋਲ ਲਗਾਇਆ ਜਾਵੇਗਾ।
ਦਿੱਲੀ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਅਲਰਟ ਹੈ। ਬੀਤੀ ਰਾਤ ਤੋਂ ਹੀ ਪੁਲਿਸ ਦਿੱਲੀ ਵਿਚ ਵੱਖ-ਵੱਖ ਥਾਵਾਂ ‘ਤੇ ਨਾਕੇਬੰਦੀਆਂ ਲਗਾ ਕੇ ਵਾਹਨਾਂ ਆਦਿ ਦੀ ਚੈਕਿੰਗ ਕਰ ਰਹੀ ਹੈ। ਦਿੱਲੀ ਪੁਲਿਸ ਵੱਲੋਂ ਅੱਜ ਲਈ ਟ੍ਰੈਫਿਕ ਐਡਵਾਈਜ਼ਰੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ। ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਨਵੀਂ ਦਿੱਲੀ ਖੇਤਰ ਤੋਂ ਦੂਰ ਰਹਿਣ। ਹਾਲਾਂਕਿ, ਨਵੀਂ ਦਿੱਲੀ ਵਿੱਚ ਆਵਾਜਾਈ ਜਾਰੀ ਰਹੇਗੀ। ਸੰਸਦ ਭਵਨ ਦੇ ਉਦਘਾਟਨ ਕਾਰਨ ਸਵੇਰੇ 5.30 ਵਜੇ ਤੋਂ ਦੁਪਹਿਰ 3 ਵਜੇ ਤੱਕ ਕੁਝ ਮਾਰਗ ਪ੍ਰਭਾਵਿਤ ਹੋਣਗੇ ਜਾਂ ਆਵਾਜਾਈ ਭਾਰੀ ਰਹੇਗੀ।