ਅਮਿਤ ਸ਼ਾਹ ਅੱਜ ਤੋਂ 3 ਦਿਨਾਂ ਲਈ ਜਾਣਗੇ ਮਨੀਪੁਰ ਦੌਰੇ ਤੇ
ਚੰਡੀਗੜ੍ਹ,29ਮਈ(ਵਿਸ਼ਵ ਵਾਰਤਾ)- ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤੋਂ 3 ਦਿਨਾਂ ਦੌਰੇ ‘ਤੇ ਮਣੀਪੁਰ ਜਾ ਰਹੇ ਹਨ। ਇੱਥੇ ਉਹ 1 ਜੂਨ ਤੱਕ ਰੁਕਣਗੇ ਅਤੇ ਕੁਕੀ-ਮੇਤੇਈ ਭਾਈਚਾਰੇ ਦੀਆਂ ਜਥੇਬੰਦੀਆਂ ਨੂੰ ਮਿਲਣਗੇ। ਗੌਰਤਲਬ ਹੈ ਕਿ ਰਿਜ਼ਰਵੇਸ਼ਨ ਨੂੰ ਲੈ ਕੇ ਮਨੀਪੁਰ ਵਿੱਚ 3 ਮਈ ਤੋਂ ਕੁਕੀ ਅਤੇ ਮੇਤੇਈ ਭਾਈਚਾਰਿਆਂ ਦੇ ਲੋਕਾਂ ਵਿਚਕਾਰ ਜਾਤੀ ਹਿੰਸਾ ਚੱਲ ਰਹੀ ਹੈ। ਹਿੰਸਕ ਘਟਨਾਵਾਂ ‘ਚ ਹੁਣ ਤੱਕ 75 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸ਼ਰਾਰਤੀ ਅਨਸਰਾਂ ਵੱਲੋਂ ਸੈਂਕੜੇ ਘਰਾਂ ਨੂੰ ਅੱਗ ਲਾ ਦਿੱਤੀ ਗਈ। 40 ਹਜ਼ਾਰ ਤੋਂ ਵੱਧ ਲੋਕ ਇੱਥੋਂ ਜਾ ਚੁੱਕੇ ਹਨ। ਸੂਬੇ ‘ਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇੱਥੇ ਫੌਜ ਅਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ ਸੂਬੇ ‘ਚ 31 ਮਈ ਤੱਕ ਇੰਟਰਨੈੱਟ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਈ ਜ਼ਿਲ੍ਹਿਆਂ ਵਿੱਚ ਕਰਫਿਊ ਅਜੇ ਵੀ ਜਾਰੀ ਹੈ।






















