
ਚੰਡੀਗੜ, 18 ਅਕਤੂਬਰ (ਵਿਸ਼ਵ ਵਾਰਤਾ) – ਅਗਰਵਾਲ ਸਭਾ ਪੰਜਾਬ ਵੱਲੋਂ ਮਹਾਰਾਜਾ ਅਗਰਸੇਨ ਜੀ ਦੀ 5142ਵੀਂ ਜੈਅੰਤੀ 21 ਅਕਤੂਬਰ ਨੂੰ ਸੂਬਾ ਪੱਧਰ ਤੇ ਲਹਿਰਾਗਾਗਾ ਵਿੱਚ ਮਨਾਈ ਜਾ ਰਹੀ ਹੈ। ਅਗਰਾਲ ਸਭਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਯੂਥ ਅਗਰਵਾਲ ਪੰਜਾਬ ਦੇ ਪ੍ਰਧਾਨ ਮੋਹਿਤ ਸਿੰਗਲਾ ਨੇ ਇਕ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ-ਬਾਤ ਕਰਦੀਆਂ ਕਿਹਾ ਕਿ ਸਮਾਗਮ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੀਆਂ ਅਗਰਵਾਲ ਸਭਾਵਾਂ ਦੇ ਪ੍ਰਧਾਨ, ਅਹੁਦੇਦਾਰ ਅਤੇ ਅਗਰਵਾਲ ਭਾਈਚਾਰੇ ਦੇ ਪ੍ਰਤਿਨਿਧੀ ਭਾਗ ਲੈਣਗੇ। ਇਸ ਸਮਾਰੋਹ ਦੌਰਾਨ ਅਗਰਵਾਲ ਭਾਈਚਾਰੇ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਵਿਚਾਰ-ਚਰਚਾ ਕੀਤੀ ਜਾਵੇਗੀ। ਸਿੰਗਲਾ ਨੇ ਕਿਹਾ ਕਿ ਸੌਰਭ ਗੋਇਲ ਮੈਮੋਰੀਅਲ ਕੰਪਲੈਕਸ ਵਿੱਚ ਹੋਣ ਵਾਲੇ ਸਲਾਨਾ ਸਮਾਗਮ ਦੀ ਤਿਆਰੀ ਪੰਜਾਬ ਦੇ ਅਗਰਵਾਲ ਸਭਾ ਮਹਿਲਾ ਵਿੰਗ ਦੀ ਪ੍ਰਧਾਨ ਕਾਂਤਾ ਗੋਇਲ ਦੀ ਅਗਵਾਈ ਚ’ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਹੈ ।ਉਨ੍ਹਾਂ ਦੱਸਿਆ ਕਿ ਅਗਰਵਾਲ ਭਾਈਚਾਰੇ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਇਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਜਾਵੇਗਾ।






















