ਯੂਟਿਊਬਰ ਮਨੀ ਸ਼ੋਕਰ ਦਾ ਵਧਿਆ ਪੁਲਿਸ ਰਿਮਾਂਡ; ਪੜ੍ਹੋ ਵੱਡੀ ਅਪਡੇਟ
ਚੰਡੀਗੜ੍ਹ, 22 ਸਤੰਬਰ 2026 (ਵਿਸ਼ਵ ਵਾਰਤਾ): ਪੰਜਾਬੀ ਯੂਟਿਊਬਰ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੌਕਰ ਅਤੇ ਉਸ ਦੇ ਸਾਥੀ ਦਿਲਪ੍ਰੀਤ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਗ਼ੈਰ-ਕਾਨੂੰਨੀ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਮਨੀ ਸ਼ੌਕਰ ਅਤੇ ਉਸ ਦੇ ਸਾਥੀ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਗਲੇਰੀ ਪੁੱਛਗਿੱਛ ਲਈ 4 ਦਿਨਾਂ ਦਾ ਹੋਰ ਰਿਮਾਂਡ ਮੰਗਿਆ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਣੀ ਸ਼ੌਕਰ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ ਹੈ।
ਪੁਲਿਸ ਮੁਤਾਬਕ, ਇਹ ਕਾਰਵਾਈ ਸਦਰ ਥਾਣਾ ਮੁਖੀ ਸਬ-ਇੰਸਪੈਕਟਰ ਬਲਕਰਨ ਸਿੰਘ ਦੀ ਦੇਖ-ਰੇਖ ਹੇਠ ਹੋਈ। 18 ਸਤੰਬਰ ਨੂੰ ਪੁਲਿਸ ਚੌਕੀ ਜੰਡਿਆਲਾ ਦੇ ਇੰਚਾਰਜ ਐੱਸ.ਆਈ. ਨਰਿੰਦਰ ਮੋਹਨ ਟੀਮ ਸਮੇਤ ਜੰਡਿਆਲਾ ਮੋੜ ‘ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਇੱਕ ਮਹੀਦਰਾ ਸਕਾਰਪੀਓ ਨੂੰ ਰੋਕ ਕੇ ਉਸ ਵਿੱਚ ਸਵਾਰ ਵਿਅਕਤੀਆਂ ਤੋਂ ਪਛਾਣ ਨਾਲ ਸਬੰਧਤ ਦਸਤਾਵੇਜ਼ ਮੰਗੇ ਗਏ।
ਦੋਸ਼ ਹੈ ਕਿ ਇਸੇ ਦੌਰਾਨ ਇੱਕ ਵਿਅਕਤੀ ਨੇ ਅਚਾਨਕ ਪਿਸਤੌਲ ਕੱਢ ਕੇ ਐੱਸ.ਆਈ. ਨਰਿੰਦਰ ਮੋਹਨ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਅਨੁਸਾਰ, ਐੱਸ.ਆਈ. ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਦਾ ਹੱਥ ਫੜ ਕੇ ਉਸ ਨੂੰ ਪਿੱਛੇ ਧੱਕ ਦਿੱਤਾ। ਇਸ ਦੌਰਾਨ ਚੱਲੀਆਂ ਦੋ ਗੋਲੀਆਂ ਨੇੜਲੇ ਢਾਬੇ ਦੀ ਕੰਧ ਵਿੱਚ ਜਾ ਲੱਗੀਆਂ। ਪੁਲਿਸ ਟੀਮ ਨੇ ਮੌਕੇ ‘ਤੇ ਹੀ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























