West Bengal ਚੋਣਾਂ ਦੇ ਨਤੀਜਿਆਂ ਤੋਂ ਬਾਅਦ ਗਰਮਾਇਆ ਸਿਆਸੀ ਮਾਹੌਲ!
– ਮਮਤਾ ਬੈਨਰਜੀ ਨੇ ਕਿਹਾ “ਮੈਂ ਨਹੀਂ ਦੇਵਾਂਗੀ ਅਸਤੀਫਾ”
ਨਵੀ ਦਿੱਲੀ, 5 ਮਈ 2026 (ਵਿਸ਼ਵ ਵਾਰਤਾ) – ਪੱਛਮੀ ਬੰਗਾਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕੋਲਕਾਤਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਵਾਂਗੀ। ਅਸੀਂ ਜਨਮਤ ਨਾਲ ਨਹੀਂ, ਸਗੋਂ ਸਾਜ਼ਿਸ਼ ਨਾਲ ਹਾਰੇ ਹਾਂ। ਇਸ ਲਈ ਅਸਤੀਫਾ ਦੇਣ ਰਾਜ ਭਵਨ ਨਹੀਂ ਜਾਵਾਂਗੀ।
ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਇਸ ਚੋਣ ਵਿੱਚ ਨਾ ਸਿਰਫ਼ ਪ੍ਰਸ਼ਾਸਨਿਕ ਪੱਧਰ ‘ਤੇ ਗੜਬੜੀਆਂ ਹੋਈਆਂ, ਸਗੋਂ ਗਿਣਤੀ ਦੌਰਾਨ ਉਨ੍ਹਾਂ ਨਾਲ ਬਦਸਲੂਕੀ ਵੀ ਕੀਤੀ ਗਈ। ਮਮਤਾ ਨੇ ਅੱਗੇ ਕਿਹਾ ਕਿ ਚੋਣ ਕਮਿਸ਼ਨ ਅਸਲੀ ਵਿਲੇਨ ਹੈ। ਉਸ ਨੇ ਭਾਜਪਾ ਨਾਲ ਮਿਲ ਕੇ 100 ਸੀਟਾਂ ਲੁੱਟੀਆਂ। ਹੁਣ ਮੇਰੇ ਕੋਲ ਕੋਈ ਕੁਰਸੀ ਨਹੀਂ ਹੈ, ਮੈਂ ਆਜ਼ਾਦ ਪੰਛੀ ਹਾਂ। ਕਿਤੇ ਵੀ ਚੋਣ ਲੜ ਸਕਦੀ ਹਾਂ, ਸੜਕਾਂ ‘ਤੇ ਰਹਾਂਗੀ।
ਮਮਤਾ ਨੇ ਦੋਸ਼ ਲਾਇਆ ਕਿ “ਭਾਜਪਾ ਨੇ ਕਾਊਂਟਿੰਗ ਸੈਂਟਰਾਂ ‘ਤੇ ਕਬਜ਼ਾ ਕੀਤੇ। ਉਮੀਦਵਾਰਾਂ ਅਤੇ ਵਰਕਰਾਂ ਨਾਲ ਅੱਤਿਆਚਾਰ ਕੀਤਾ। ਪਾਰਟੀ ਅਤੇ ਇੰਡੀਆ (INDIA) ਗਠਜੋੜ ਦੇ ਆਗੂ ਮੇਰੇ ਨਾਲ ਹਨ। ਅਸੀਂ ਫਿਰ ਤੋਂ ਉੱਭਰਾਂਗੇ ਅਤੇ ਸ਼ੇਰ ਵਾਂਗ ਲੜਾਂਗੇ।” ਉਨ੍ਹਾਂ ਨੇ ਕਿਹਾ, “ਮੈਂ ਸਪੱਸ਼ਟ ਕਹਿੰਦੀ ਹਾਂ ਕਿ ਅਸੀਂ ਹਾਰੇ ਨਹੀਂ ਹਾਂ। ਉਨ੍ਹਾਂ ਨੇ ਜ਼ਬਰਦਸਤੀ ਸਾਨੂੰ ਹਰਾਇਆ ਹੈ। ਚੋਣ ਕਮਿਸ਼ਨ ਨਾਲ ਮਿਲ ਕੇ ਉਹ ਜਿੱਤੇ ਹਨ, ਪਰ ਨੈਤਿਕ ਤੌਰ ‘ਤੇ ਮੇਰੀ ਜਿੱਤ ਹੋਈ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























