USA ’ਚ ਭਾਰਤੀ ਮੂਲ ਦੀ ਔਰਤ ਦਾ ਗੋਲੀਆਂ ਮਾਰ ਕੇ ਕਤਲ
ਚੰਡੀਗੜ੍ਹ, 13 ਸਤੰਬਰ (ਵਿਸ਼ਵ ਵਾਰਤਾ) – ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਵਿੱਚ ਭਾਰਤੀ ਮੂਲ ਦੀ 38 ਸਾਲਾ ਸ਼ਾਲਿਨੀ ਠਾਕੁਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਮੁਤਾਬਕ ਘਟਨਾ ਤੋਂ ਬਾਅਦ ਜਦ ਉਨ੍ਹਾਂ ਨੇ ਸ਼ੱਕੀ ਹਮਲਾਵਰ ਨੂੰ ਘੇਰ ਲਿਆ ਤਾਂ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸ਼ਾਲਿਨੀ ਦੀ ਮਾਂ ਸੁਦੇਸ਼ ਕੁਮਾਰੀ ਮੁਤਾਬਕ 22 ਸਾਲਾ ਰੋਹਿਤ ਕਰੀਬ ਇੱਕ ਸਾਲ ਤੋਂ ਉਸ ਦੀ ਧੀ ਦਾ ਪਿੱਛਾ ਕਰ ਰਿਹਾ ਸੀ ਅਤੇ ਉਸ ਨੂੰ ਪਰੇਸ਼ਾਨ ਕਰਦਾ ਸੀ। ਦੱਸਿਆ ਗਿਆ ਹੈ ਕਿ ਰੋਹਿਤ ਸ਼ਾਲਿਨੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਉਮਰ ਵਿੱਚ ਕਾਫ਼ੀ ਅੰਤਰ ਹੋਣ ਕਾਰਨ ਸ਼ਾਲਿਨੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਉਸ ਨਾਲ ਨਾਰਾਜ਼ ਹੋ ਗਿਆ।
ਪੁਲਿਸ ਅਨੁਸਾਰ ਸ਼ਾਲਿਨੀ ਆਰਡਨ ਆਰਕੇਡ ਇਲਾਕੇ ਦੇ ਇੱਕ ਸ਼ਾਪਿੰਗ ਪਲਾਜ਼ਾ ਵਿੱਚ ਕੰਮ ਕਰਦੀ ਸੀ। ਕੰਮ ’ਤੇ ਜਾਂਦੇ ਸਮੇਂ ਰੋਹਿਤ ਨੇ ਉਸ ਦਾ ਪਿੱਛਾ ਕੀਤਾ ਅਤੇ ਰੈਸਟੋਰੈਂਟ ਦੇ ਬਾਹਰ ਉਸ ਨੂੰ ਰੋਕ ਲਿਆ। ਸ਼ਾਲਿਨੀ ਨੇ ਉਥੋਂ ਭੱਜ ਕੇ ਬਚਣ ਦੀ ਕੋਸ਼ਿਸ਼ ਕੀਤੀ, ਪਰ ਰੋਹਿਤ ਨੇ ਉਸ ਦਾ ਪਿੱਛਾ ਕਰਦਿਆਂ ਉਸ ’ਤੇ ਕਈ ਗੋਲੀਆਂ ਚਲਾ ਦਿੱਤੀਆਂ। ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਰੋਹਿਤ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਕੁਝ ਹੀ ਸਮੇਂ ਵਿੱਚ ਕਾਰ ਦੀ ਲੋਕੇਸ਼ਨ ਟਰੇਸ ਕਰ ਲਈ। ਕਾਰ ਈਸਟਬਾਊਂਡ ਹਾਈਵੇਅ 50 ’ਤੇ ਮਿਲੀ। ਪੁਲਿਸ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਰੋਹਿਤ ਨੇ ਅਚਾਨਕ ਕਾਰ ਰੋਕ ਲਈ। ਜਦੋਂ ਪੁਲਿਸ ਅਧਿਕਾਰੀ ਕਾਰ ਦੇ ਨੇੜੇ ਪਹੁੰਚੇ ਤਾਂ ਉਹ ਡਰਾਈਵਰ ਸੀਟ ’ਤੇ ਖੂਨ ਨਾਲ ਲੱਥਪੱਥ ਮਿਲਿਆ। ਉਸ ਨੇ ਖੁਦ ਨੂੰ ਗੋਲੀ ਮਾਰ ਲਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















