T20 ਵਿਸ਼ਵ ਕੱਪ 2026: ਪਾਕਿਸਤਾਨ ਨੇ ਇੰਗਲੈਂਡ ਨੂੰ ਦਿੱਤਾ 165 ਦੌੜਾਂ ਦਾ ਟੀਚਾ
– ਇੰਗਲੈਂਡ ਨੇ ਪਹਿਲੀ ਹੀ ਗੇਂਦ ‘ਤੇ ਗੁਆਈ ਵਿਕਟ, ਜਾਣੋ ਟੀਮ ਦਾ ਸਕੋਰ
ਨਵੀ ਦਿੱਲੀ, 24 ਫ਼ਰਵਰੀ (ਵਿਸ਼ਵ ਵਾਰਤਾ) – ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਟੀ-20 ਵਿਸ਼ਵ ਕੱਪ 2026 ਦਾ ਅਹਿਮ ਮੁਕਾਬਲਾ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਦੇ ਕਪਤਾਨ ਸਲਮਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 164 ਦੌੜਾਂ ਬਣਾਈਆਂ। ਯਾਨੀ ਇੰਗਲੈਂਡ ਨੂੰ ਮੈਚ ਜਿੱਤਣ ਲਈ 165 ਦੌੜਾਂ ਦੀ ਲੋੜ ਹੈ। ਪਾਕਿਸਤਾਨੀ ਟੀਮ ਓਪਨਰ ਸਾਹਿਬਜ਼ਾਦਾ ਫਰਹਾਨ ਨੇ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਬਾਬਰ ਆਜ਼ਮ ਅਤੇ ਫਖਰ ਜ਼ਮਾਨ ਨੇ 25-25 ਦੌੜਾਂ ਦਾ ਯੋਗਦਾਨ ਪਾਇਆ।
ਇੰਗਲੈਂਡ ਦੀ ਟੀਮ ਜਿਵੇਂ ਹੀ ਬੱਲੇਬਾਜ਼ੀ ਲਈ ਉਤਰੀ, ਪਾਰੀ ਦੀ ਪਹਿਲੀ ਹੀ ਗੇਂਦ ‘ਤੇ ਸ਼ਾਹੀਨ ਅਫਰੀਦੀ ਨੇ ਫਿਲ ਸਾਲਟ ਨੂੰ ਆਊਟ ਕਰ ਦਿੱਤਾ। ਉਹ ਗੋਲਡਨ ਡੱਕ (ਪਹਿਲੀ ਗੇਂਦ ‘ਤੇ ਆਊਟ) ਦਾ ਸ਼ਿਕਾਰ ਬਣੇ। ਇੰਗਲੈਂਡ ਨੂੰ 165 ਦੌੜਾਂ ਬਣਾਉਣੀਆਂ ਹਨ। ਹੁਣ ਜੋਸ ਬਟਲਰ ਦਾ ਸਾਥ ਦੇਣ ਲਈ ਕਪਤਾਨ ਹੈਰੀ ਬਰੂਕ ਮੈਦਾਨ ‘ਤੇ ਹਨ।
ਦੱਸ ਦਈਏ ਕਿ ਪਾਕਿਸਤਾਨ ਟੀਮ ‘ਚ ਸ਼ਾਹੀਨ ਸ਼ਾਹ ਅਫਰੀਦੀ ਦੀ ਵਾਪਸੀ ਹੋਈ ਹੈ। ਇੰਗਲੈਂਡ ਨੇ ਪਿਛਲੇ ਮੈਚ ਦੀ ਪਲੇਇੰਗ-11 ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਦੋਵਾਂ ਟੀਮਾਂ ਨੇ ਲੀਗ ਪੜਾਅ ਵਿੱਚ ਆਪਣੇ-ਆਪਣੇ ਮੈਚ ਜਿੱਤ ਕੇ ਸੁਪਰ-8 ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਇੱਥੋਂ ਅੱਗੇ ਕਿਹੜੀ ਟੀਮ ਜਾਵੇਗੀ, ਇਸ ਦਾ ਫੈਸਲਾ ਕਾਫ਼ੀ ਹੱਦ ਤੱਕ ਅੱਜ ਦਾ ਮੈਚ ਕਰ ਦੇਵੇਗਾ।
ਇੰਗਲੈਂਡ ਦੀ ਟੀਮ ਪਹਿਲਾ ਮੈਚ ਸ਼੍ਰੀਲੰਕਾ ਤੋਂ ਜਿੱਤ ਕੇ ਦੋ ਅੰਕ ਹਾਸਲ ਕਰ ਚੁੱਕੀ ਹੈ ਅਤੇ ਆਪਣੇ ਗਰੁੱਪ ਦੀ ਅੰਕ ਸੂਚੀ ਵਿੱਚ ਪਹਿਲੇ ਨੰਬਰ ‘ਤੇ ਹੈ। ਉੱਥੇ ਹੀ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲਾ ਮੁਕਾਬਲਾ ਬਾਰਿਸ਼ ਕਾਰਨ ਰੱਦ ਹੋ ਗਿਆ ਸੀ, ਜਿਸ ਕਰਕੇ ਉਸ ਕੋਲ ਸਿਰਫ਼ ਇੱਕ ਹੀ ਅੰਕ ਹੈ। ਅੱਜ ਜੇਕਰ ਪਾਕਿਸਤਾਨ ਦੀ ਟੀਮ ਹਾਰਦੀ ਹੈ, ਤਾਂ ਉਸ ਲਈ ਸੈਮੀਫਾਈਨਲ ਵਿੱਚ ਪਹੁੰਚਣਾ ਕਾਫ਼ੀ ਮੁਸ਼ਕਲ ਹੋ ਜਾਵੇਗਾ।
ਟੀਮਾਂ ਦੀ ਪਲੇਇੰਗ ਇਲੈਵਨ
ਇੰਗਲੈਂਡ: ਫਿਲ ਸਾਲਟ, ਜੋਸ ਬਟਲਰ (ਵਿਕਟਕੀਪਰ), ਜੈਕਬ ਬੈਥਲ, ਟੌਮ ਬੈਂਟਨ, ਹੈਰੀ ਬਰੂਕ (ਕਪਤਾਨ), ਸੈਮ ਕਰਨ, ਵਿਲ ਜੈਕਸ, ਲਿਆਮ ਡਾਸਨ, ਜੈਮੀ ਓਵਰਟਨ, ਜੋਫਰਾ ਆਰਚਰ ਅਤੇ ਆਦਿਲ ਰਾਸ਼ਿਦ।
ਪਾਕਿਸਤਾਨ: ਸਾਹਿਬਜ਼ਾਦਾ ਫਰਹਾਨ, ਸਈਮ ਅਯੂਬ, ਸਲਮਾਨ ਅਲੀ ਆਗਾ (ਕਪਤਾਨ), ਬਾਬਰ ਆਜ਼ਮ, ਫਖਰ ਜ਼ਮਾਨ, ਉਸਮਾਨ ਖਾਨ (ਵਿਕਟਕੀਪਰ), ਸ਼ਾਦਾਬ ਖਾਨ, ਮੁਹੰਮਦ ਨਵਾਜ਼, ਸ਼ਾਹੀਨ ਸ਼ਾਹ ਅਫਰੀਦੀ, ਸਲਮਾਨ ਮਿਰਜ਼ਾ ਅਤੇ ਉਸਮਾਨ ਤਾਰਿਕ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























