She haat ਜਿਥੇ ਔਰਤਾਂ ਦੇ ਹੱਥਾਂ ‘ਚ ਹੈ ਸਾਰੀ ਕਮਾਨ
- 23 ਔਰਤਾਂ ਦਾ ਸਮੂਹ ਸੰਭਾਲਦਾ ਹੈ ਸਾਰਾ ਕੰਮਕਾਰ,
- ਦੂਜਿਆਂ ਲਈ ਬਣਿਆ ਪ੍ਰੇਰਣਾਸ੍ਰੋਤ
ਨਵੀ ਦਿੱਲੀ,22 ਜਨਵਰੀ : ਜਦੋਂ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੀ ਨਾਰੀ ਸ਼ਕਤੀ ਨੂੰ ਸਹੀ ਦਿਸ਼ਾ ਮਿਲੀ, ਤਾਂ ਇਸ ਨੇ ਆਪਣੀ ਆਰਥਿਕ ਸਥਿਤੀ ਬਦਲ ਦਿਖਾਈ। ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਬਾਗ ਪਸ਼ੋਗ ਪਿੰਡ ਵਿੱਚ ਪਹਾੜੀ ਸ਼ਹਿਰ ਕਸੌਲੀ ਤੋਂ ਇੱਕ ਘੰਟੇ ਦੀ ਦੂਰੀ ‘ਤੇ, 23 ਔਰਤਾਂ ਦੇ ਇੱਕ ਸਮੂਹ ਨੇ ਆਪਣੇ ਰਸੋਈ ਹੁਨਰ ਦੀ ਵਰਤੋਂ ਕਰਦੇ ਹੋਏ ਇੱਕ ਸ਼ਲਾਘਾਯੋਗ ਸਫਲਤਾ ਦੀ ਕਹਾਣੀ ਲਿਖੀ।
20 ਦਸੰਬਰ, 2020 ਸ਼ੁਰੂ ਕੀਤੇ ਸ਼ੀ ਹਾਟ ਰੈਸਟੋਰੈਂਟ ‘ਚ ਇੱਕ ਵਿਸਤ੍ਰਿਤ ‘ਪਹਾੜੀ ਵਿਸ਼ੇਸ਼’ ਮੀਨੂ ਦੀ ਪੇਸ਼ਕਸ਼ ਕੀਤਾ ਜਾਂਦਾ ਹੈ – ਜਿਸ ‘ਚ ਪਤੀਲਾ ਦਾਲ, ਸਥਾਨਕ ਮਸ਼ਰੂਮ, ਜਿੰਮੀਕੰਦ (ਯਾਮ), ਪਟਾਂਡੇ (ਕ੍ਰੇਪ), ਘਿਓ ਨਾਲ ਸਿੱਦੂ, ਪਾਟਿਲ, ਬਾਥੂ ਖੀਰ, ਮੱਕੀ ਦੇ ਆਟੇ ਦੀ ਪਿੰਨੀ ਸ਼ਾਮਿਲ ਹਨ। ਸਿਰਮੌਰੀ ਥਾਲੀ (ਦਾਲ, ਕੜ੍ਹੀ, ਅਸਕਲੀ, ਪਟਾਂਡੇ, ਪੂੜੇ, ਖੀਰ) ਅਤੇ ਲੁਸ਼ਕਾ, ਸਾਗ, ਬੇਦਵੀ (ਪਰਾਂਠਾ), ਗੀਚੇ (ਅਰਬੀ ਦੇ ਪੱਤਿਆਂ ਦਾ ਬਣਿਆ ਪਕੌੜਾ) ਬਹੁਤ ਹੀ ਘੱਟ ਕੀਮਤਾਂ ‘ਤੇ ਮਿਲਦੇ ਹਨ। ਰਸੋਈ ਵਿੱਚ ਇੱਕ ਰਵਾਇਤੀ ਚੁੱਲ੍ਹਾ ਜਾਂ ਮਿੱਟੀ ਦਾ ਚੁੱਲ੍ਹਾ ਹੈ ਜਿੱਥੇ ਸਥਾਨਕ ਖਾਣਾ ਤਿਆਰ ਕੀਤਾ ਜਾਂਦਾ ਹੈ।
40 ਸਾਲਾ ਰੀਨਾ ਸ਼ਰਮਾ/ ਰੇਣੂ ਜੋ ਕਿ ਚਾਰ ਸਾਲ ਪਹਿਲਾਂ ਤੱਕ ਘਰੇਲੂ ਔਰਤ ਸੀ ਅਤੇ ਹੁਣ she-haat ਦੀ ਰਿਸੈਪਸ਼ਨਿਸਟ ਵਜੋਂ ਕੰਮ ਕਰ ਰਹੀ ਹੈ, ਦੱਸਦੀ ਹੈ ਕਿ “ਪਹਿਲਾਂ-ਪਹਿਲਾਂ ਲੋਕ ਸਾਨੂੰ ਪੁੱਛਦੇ ਸਨ ਕਿ ਔਰਤਾਂ ਹੋਟਲ ਕਿਵੇਂ ਚਲਾ ਸਕਦੀਆਂ ਹਨ। ਹੁਣ ਉਹੀ ਲੋਕ ਪੁੱਛਦੇ ਹਨ ਕਿ ਕੀ ਉਨ੍ਹਾਂ ਦੀਆਂ ਪਤਨੀਆਂ ਲਈ ਇਥੇ ਕੋਈ ਖਾਲੀ ਥਾਂ ਹੈ” ਉਨ੍ਹਾਂ ਕਿਹਾ ਕਿ “ਕੋਵਿਡ ਦੇ ਸਮੇਂ ਦੌਰਾਨ ਸਾਨੂੰ ਸਰਕਾਰੀ ਦਫਤਰਾਂ, ਹਸਪਤਾਲ ਦੇ ਸਟਾਫ, ਮਰੀਜ਼ਾਂ ਆਦਿ ਲਈ ਭੋਜਨ ਤਿਆਰ ਕਰਨ ਦੇ ਆਦੇਸ਼ ਮਿਲੇ। ਅਸੀਂ ਕੁਝ ਮਹੀਨੇ ਬਿਨਾਂ ਤਨਖਾਹ ਦੇ ਕੰਮ ਵੀ ਕੀਤਾ ਪਰ ਇਸ ਉੱਦਮ ਨੂੰ ਬੰਦ ਨਹੀਂ ਹੋਣ ਦਿੱਤਾ”
ਉਨ੍ਹਾਂ ਅੱਗੇ ਦੱਸਿਆ ਕਿ ਇਥੇ ਔਰਤਾਂ ਜੈਵਿਕ ਘਿਓ, ਤਾਜ਼ੇ ਪੀਸੇ ਮਸਾਲੇ, ਅਚਾਰ, ਹੱਥ ਨਾਲ ਬੁਣੀਆਂ ਟੋਕਰੀਆਂ, ਚਪਾਤੀ ਦੇ ਡੱਬੇ ਅਤੇ ਹੋਰ ਬਹੁਤ ਕੁਝ ਵੇਚਦੀਆਂ ਹਨ। ਰੇਣੂ ਅੱਗੇ ਦਸਦੀ ਹੈ ਕਿ “ਜੋ ਔਰਤਾਂ ਹਾਟ ‘ਤੇ ਕੰਮ ਨਹੀਂ ਕਰਦੀਆਂ ਹਨ, ਉਹ ਵੀ ਆਪਣੇ ਉਤਪਾਦ ਇੱਥੇ ਵਿਕਰੀ ਲਈ ਭੇਜ ਸਕਦੀਆਂ ਹਨ।
ਆਈਏਐਸ ਅਧਿਕਾਰੀ ਆਰ ਕੇ ਪਰੂਥੀ ਦਾ ਕਹਿਣਾ ਹੈ ਕਿ ਹਾਈਵੇ ‘ਤੇ ਮਹਿਲਾ ਯਾਤਰੀਆਂ ਲਈ ਸੁਰੱਖਿਅਤ, ਸਫਾਈ ਵਾਲੇ ਵਾਸ਼ਰੂਮਾਂ ਦੀ ਘਾਟ ਖੇਤਰ ਵਿੱਚ ਇੱਕ ਅਸਲ ਸਮੱਸਿਆ ਸੀ।ਅਸੀਂ ਔਰਤਾਂ ਦਾ ਇੱਕ ਸਮੂਹ ਚਾਹੁੰਦੇ ਸੀ ਜੋ ਆਪਣੇ ਘਰ ਵਾਂਗ ਹੀ ਦੇਖਭਾਲ ਕਰਨ। ਅਗਲਾ ਕਦਮ ਇਸ ਨੂੰ ਆਰਥਿਕ ਤੌਰ ‘ਤੇ ਵਿਵਹਾਰਕ ਪ੍ਰੋਜੈਕਟ ਬਣਾਉਣਾ ਸੀ, ਅਤੇ ਇਸ ਲਈ ਅਸੀਂ ਰਵਾਇਤੀ ਭੋਜਨ ਨੂੰ ਮੁੜ ਸੁਰਜੀਤ ਕਰਨ ਬਾਰੇ ਸੋਚਿਆ। ਉਨ੍ਹਾਂ ਕਿਹਾ ਕਿ ” ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼ੀ-ਹਾਟ ‘ਚ ਕੰਮ ਕਰਨ ਵਾਲੀਆਂ ਔਰਤਾਂਕੋਈ ਵੀ ਕੰਮ ਕਰਨ ਵਿੱਚ ਸ਼ਰਮ ਨਹੀਂ ਕਰਦੀਆਂ ਫਿਰ ਚਾਹੇ ਉਹ ਵਾਸ਼ਰੂਮ ਦੀ ਸਫ਼ਾਈ ਤੋਂ ਲੈ ਕੇ ਸਿਲਾਈ-ਕਢਾਈ, ਬੁਣਾਈ ਅਤੇ ਖਾਣਾ ਬਣਾਉਣ ਤੱਕ ਕੁਝ ਵੀ ਕਿਉ ਨਾ ਹੋਵੇ, ਉਹ ਸਭ ਕੰਮ ਆਪ ਕਰ ਰਹੀਆਂ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/