Sahitya : ਸੰਪੂਰਨ ਹਰਿਆਵਲਾ ਬੂਟਾ ; ਬੂਟਾ ਸਿੰਘ ਚੌਹਾਨ – ਗੁਰਭਜਨ ਗਿੱਲ
ਚੰਡੀਗੜ੍ਹ, 3ਮਾਰਚ(ਵਿਸ਼ਵ ਵਾਰਤਾ) Sahitya : ਮੈਂ ਕੁਕਨਸ ਤਾਂ ਨਹੀਂ ਵੇਖਿਆ ਪਰ ਬੂਟਾ ਸਿੰਘ ਚੌਹਾਨ (Buta Singh Chauhan) ਵੇਖਿਆ ਹੈ। ਸਿਰ ਤੋਂ ਪੈਰਾਂ ਤੀਕ ਹਰਿਆਵਲਾ ਬੂਟਾ। ਪਾਤਾਲ ਵਿੱਚ ਜੜ੍ਹਾਂ, ਸੂਰਜੋਂ ਪਾਰ ਨਜ਼ਰ। ਨਿੱਕੇ ਜਹੇ ਪਿੰਡ ਦਾ ਜਾਇਆ ਬੂਟਾ ਸਿੰਘ ਲੀੜੇ ਸਿਉਂਦਾ ਸਿਉਂਦਾ ਸ਼ਬਦ ਜੋੜ ਕੇ ਸਿਉਣ ਲੱਗ ਪਿਆ। ਸ ਤਰਸੇਮ, ਸੀ ਮਾਰਕੰਡਾ ਦੀ ਸੰਗਤ ਕਾਰਨ ਬਰਨਾਲੇ ਰਾਮ ਸਰੂਪ ਅਣਖੀ ਨੂੰ ਮਿਲ ਕੇ ਸਭ ਦੇ ਅੰਗ ਸੰਗ ਸੰਪੂਰਨ ਬੂਟਾ ਬਣ ਗਿਆ।
ਉਸ ਕੋਲ ਸਬਰ ਸਿਦਕ ਸੰਤੋਖ ਸਮਰਪਣ ਹੈ ਜਿਸ ਸਦਕਾ ਚਾਰ ਸਾਲ ਪਹਿਲਾਂ ਮਰ ਕੇ ਜਿਉਂਦਾ ਹੋ ਗਿਆ ਹੈ। ਤੜਕਸਾਰ ਸ਼ਬਦਾਂ ਦੇ ਮੋਤੀ ਪਰੋਣ ਬਹਿ ਜਾਂਦਾ ਹੈ। ਨਾਵਲ ਨਿਗਾਰੀ, ਯਾਦਾਂ ਕੱਤਣ, ਸ਼ਬਦ ਛੰਡਣ, ਬੁਰੇ ਬੰਦੇ ਫੰਡਣ ਤੇ ਗ਼ਜ਼ਲ ਵਿਧਾ ਦਾ ਅੰਤਰ ਭੇਤੀ ਹੋ ਗਿਆ ਹੈ ਉਹ। ਸੂਬੇ ਦੀ ਸਿਆਸਤ ਦਾ ਵੱਡਾ ਜੋਤਸ਼ੀ ਹੈ। ਮਿੱਟੀ ਦੇ ਬੁੱਤਾਂ ਵਿੱਚ ਜਾਨ ਪਾ ਕੇ ਵਿਧਾਨ ਸਭਾ ਵਾੜਨੇ ਜਾਣਦਾ ਹੈ ਭਾਵੇਂ ਰੁਜ਼ਗਾਰ ਚਲਾ ਜਾਵੇ। ਟੁੱਟਣਾ ਜਾਣਦਾ ਹੈ, ਲਿਫ਼ਣਾ ਨਹੀਂ। ਬਾਂਸ ਦੀ ਲੰਗਰ ਜਿਹਾ।
ਉਸ ਦੀ ਹੁਣ ਤੀਕ ਲਿਖੀ ਸਮੂਲਚੀ ਗ਼ਜ਼ਲ ਦਾ ਸੰਗ੍ਰਹਿ “ਚੌਹੇਂ ਕੂੰਟਾਂ ਮੇਰੀਆਂ” ਸਪਰੈੱਡ ਪਬਲੀਕੇਸ਼ਨ ਰਾਮਪੁਰ ਵੱਲੋਂ ਅਮਰਿੰਦਰ ਸੋਹਲ ਨੇ ਛਾਪੀ ਹੈ। ਬਹੁਤ ਸੋਹਣੀ ਲਿਖਤ ਉਸੇ ਅੰਦਾਜ਼ ਵਿੱਚ ਛਪੀ ਹੈ। ਮੁਬਾਰਕ ਲੇਖਕ ਤੇ ਪ੍ਰਕਾਸ਼ਕ ਨੂੰ। ਬੂਟਾ ਸਿੰਘ ਚੌਹਾਨ ਵਿੱਚ 1958 ਵਿੱਚ ਪਿੰਡ ਤਾਜੋਕੇ (ਬਰਨਾਲਾ)ਵਿੱਚ ਸੂਬੇਦਾਰ ਅਮਰ ਸਿੰਘ ਅਤੇ ਮਾਤਾ ਹਰਪਾਲ ਕੌਰ ਦੇ ਘਰ ਜੰਮਿਆ।
ਉਸ ਨੇ 1970 ’ਚ ਆਰੀਆ ਹਾਈ ਸਕੂਲ ਤਪਾ ਤੋਂ 6ਵੀਂ ਜਮਾਤ ਪਾਸ ਕੀਤੀ। ਘਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਨੇੜਲੇ ਪਿੰਡ ਦੁਕਾਨ ਤੋਂ ਦਰਜ਼ੀ ਦਾ ਕੰਮ ਸਿੱਖਿਆ ਤੇ ਆਪਣੀ ਦੁਕਾਨ ਪਾਈ। ਡਾ. ਰਵਿੰਦਰ ਰਵੀ ਪਟਿਆਲੇ ਵਾਲਿਆਂ ਦੇ ਕਹਿਣ ’ਤੇ 26 ਵਰ੍ਹਿਆਂ ਦੀ ਉਮਰ ’ਚ ਮੁੜ 1984 ’ਚ ਪ੍ਰਾਈਵੇਟ ਤੌਰ ਤੇ ਪੜ੍ਹਾਈ ਸ਼ੁਰੂ ਕੀਤੀ ਤੇ 10ਵੀਂ ਮਗਰੋਂ ਗਿਆਨੀ ਤੱਕ ਦੀ ਵਿੱਦਿਆ ਹਾਸਲ ਕੀਤੀ। ਬੂਟਾ ਸਿੰਘ ਚੌਹਾਨ ਨੇ 1980 ’ਚ ਸਾਹਿੱਤ ਲਿਖਣਾ ਸ਼ੁਰੂ ਕੀਤਾ।। ਉਸ ਪ੍ਰਸਿੱਧ ਮੈਗਜ਼ੀਨਾਂ ਤੇ ਵੱਖ-ਵੱਖ ਅਖ਼ਬਾਰਾਂ ’ਚ ਉਸ ਦੀਆਂ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਸਨ। 1993 ਤੋਂ ਪੱਤਰਕਾਰੀ ਦੇ ਖੇਤਰ ’ਚ ਕੰਮ ਆਰੰਭਿਆ ਤੇ 12 ਵਰ੍ਹੇ ‘ਅਜੀਤ’ ਦੇ ਸਟਾਫ਼ ਰਿਪੋਰਟਰ ਤੋਂ ਬਾਅਦ 2012 ਤੋਂ 2021 ਦੀ ‘ਪੰਜਾਬੀ ਜਾਗਰਣ’ ਦੇ ਬਤੌਰ ਜ਼ਿਲ੍ਹਾ ਸੰਗਰੂਰ ਤੋਂ ਸਟਾਫ਼ ਰਿਪੋਰਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ।
ਬੂਟਾ ਸਿੰਘ ਚੌਹਾਨ ਨੂੰ ਉਸ ਦੀ ਸਾਹਿਤ ਦੇਣ ਤੇ ਪ੍ਰੋ. ਮੋਹਨ ਸਿੰਘ, ਦੀਪਕ ਜੈਤੋਈ ਅਤੇ ਸੰਤ ਅਤਰ ਸਿੰਘ ਸਨਮਾਨ ਮਿਲ ਚੁੱਕਿਆ ਹੈ।
ਉਸ ਦੇ ਗ਼ਜ਼ਲ ਸੰਗ੍ਰਹਿ ਸਿਰ ਜੋਗੀ ਛਾਂ ਖ਼ਿਆਲ ਖ਼ੁਸ਼ਬੋ ਜਿਹਾ,ਨੈਣਾਂ ਵਿੱਚ ਸਮੁੰਦਰ ਤੇ ਖੁਸ਼ਬੋ ਦਾ ਕੁਨਬਾ ਇਸ ਪੁਸਤਕ ਵਿੱਚ ਹਨ।
ਉਸ ਦੇ ਨਾਵਲ ਗੇਰੂ ਰੰਗੇ, ਲਵ ਪ੍ਰਾਜੈਕਟ ਬਾਲ ਸਾਹਿਤ ਵਿੱਚ ਚਿੱਟਾ ਪੰਛੀ ਨਿੱਕੀ ਜਿਹੀ ਡੇਕ,ਤਿੰਨ ਦੂਣੀ ਅੱਠ ਤੇ ਬਾਲ ਨਾਵਲ ਸਤਰੰਗੀਆਂ ਚਿੜੀਆਂ ਪ੍ਰਮੁੱਖ ਹਨ। ਯਾਦਾਂ ਆਧਾਰਿਤ ਦੋ ਕਿਤਾਬਾਂ ਇਿੱਕ ਸ਼ਬਦ ਚਿੱਤਰ ਪੁਸਤਕ। ਸ਼ਰਨ ਕੁਮਾਰ ਲਿੰਬਾਲੇ ਤੇ ਪ੍ਰਕਾਸ਼ ਗਾਇਕਵਾੜ ਦੀਆਂ ਛੇ ਲਿਖਤਾਂ 2024 ਵਿੱਚ ਹੀ ਅਨੁਵਾਦੀਆਂ ਹਨ। ਬੂਟਾ ਸਿੰਘ ਨੂੰ ਅਨੁਵਾਦ ਦੀ ਮਸ਼ੀਨ ਕਹਿ ਲਈਏ ਤਾਂ ਅਤਿ ਕਥਨੀ ਨਹੀਂ। ਉਸ ਦੇ ਅਸਰ ਕਰਕੇ ਬਰਨਾਲਾ ਖੇਤਰ ਵਿੱਚ ਅਨੇਕਾਂ ਸਮਰੱਥ ਗ਼ਜ਼ਲਕਾਰ ਸਰਗਰਮ ਨੇ, ਚੰਗਾ ਲਿਖਣ ਵਾਲੇ। ਉਸ ਦੀ ਅਣਛਪੀ ਸੱਜਰੀ ਗ਼ਜ਼ਲ ਦਾ ਸ਼ਿਅਰ ਪੜ੍ਹ ਕੇ ਤੁਸੀਂ ਉਸ ਨਾਲ ਤੁਰੋ।
ਬੰਦੇ ਨੂੰ ਕੀ ਸਮਝੇ ਕੋਈ ਊਣਾ ਹੈ ਜਾਂ ਭਰਿਆ।
ਤੜਕੇ ਉੱਠ ਖੜ੍ਹੇ ਤਾਂ ਜਿਉਂਦਾ,ਨਾ ਉੱਠੇ ਤਾਂ ਮਰਿਆ।
ਮੇਰੀ ਕਾਮਨਾ ਹੈ ਸਾਡਾ ਬੂਟਾ ਮੌਲਸਰੀ ਵਾਂਗ ਸਦਾ ਹਰਿਆਵਲਾ ਰਹਿ ਕੇ ਸਾਨੂੰ ਛਾਵਾਂ ਵੰਡਦਾ ਰਹੇ।
ਸਾਡਾ ਤਾ ਬਰਨਾਲਾ ਹੀ ਉਹਦੇ ਕਰਕੇ ਘੁੱਗ ਵੱਸਦਾ ਹੈ, ਭਾਵੇਂ ਬਾਕੀ ਸੱਜਣ ਵੀ ਸਨੇਹ ਪਾਤਰ ਨੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/