Sahitya : ਰੰਗ ਪ੍ਰਸੰਗ ਸੁਰਜੀਤ ਪਾਤਰ ਦੇ ਪੁਸਤਕ ਡਾ. ਵਰਿਆਮ ਸਿੰਘ ਸੰਧੂ ਵੱਲੋਂ ਗੁਰਭਜਨ ਗਿੱਲ ਨੂੰ ਭੇਂਟ
ਲੁਧਿਆਣਾਃ 9 ਮਾਰਚ(ਵਿਸ਼ਵ ਵਾਰਤਾ) Sahitya : ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੇ ਆਪਣੀ ਸੱਜਰੀ ਲਿਖੀ ਪੁਸਤਕ “ਰੰਗ ਪ੍ਰਸੰਗ ਸੁਰਜੀਤ ਪਾਤਰ ਦੇ” ਦੀ ਕਾਪੀ ਅੱਜ ਲੁਧਿਆਣਾ ਜ਼ਿਲ੍ਹੇ ਦੀ ਨਾਮਵਰ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਮਾਗਮ ਤੋਂ ਪਹਿਲਾਂ ਗੈਰ ਰਸਮੀ ਤੌਰ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਪੰਜਾਬੀ ਕਵੀ ਗੁਰਭਜਨ ਗਿੱਲ (Gurbhajan Gill) ਨੂੰ ਪੰਜਾਬੀ ਕਹਾਣੀਕਾਰ ਗੁਰਦਿਆਲ ਦਲਾਲ ਤੇ ਸੱਰੀ(ਕੈਨੇਡਾ) ਵੱਸਦੇ ਸਾਹਿੱਤ ਰਸੀਏ ਸ. ਕੇਸਰ ਸਿੰਘ ਕੂਨਰ ਦੀ ਹਾਜ਼ਰੀ ਵਿੱਚ ਭੇਂਟ ਕੀਤੀ।
ਇਸ ਮੌਕੇ ਬੋਲਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਮੈਂ ਇਸ ਪੁਸਤਕ ਦੇ ਕੁਝ ਭਾਗ ਵੱਖ ਵੱਖ ਸਾਹਿੱਤਕ ਪੱਤਰਾਂ ਤੇ ਅਖ਼ਬਾਰਾਂ ਵਿੱਚ ਪੜ੍ਹੇ ਹਨ ਜਿਸ ਦੇ ਆਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਵਰਿਆਮ ਸਿੰਘ ਸੰਧੂ ਵੱਲੋਂ ਡਾ. ਸੁਰਜੀਤ ਪਾਤਰ ਜੀ ਨਾਲ ਗੁਜ਼ਾਰੇ ਪਲਾਂ ਤੇ ਉਨ੍ਹਾਂ ਦੀ ਇਤਿਹਾਸਕ ਕਾਵਿ ਯਾਤਰਾ ਪ੍ਰਸੰਗਾਂ ਨਾਲ ਭਰਪੂਰ ਇਹ ਮੁੱਲ ਵਾਨ ਪੁਸਤਕ ਹਰ ਪੰਜਾਬੀ ਪਾਠਕ ਤੀਕ ਪੁੱਜਣੀ ਜ਼ਰੂਰੀ ਹੈ ਤਿਉਂ ਕਿ ਇਹ ਬੋਝਲ ਅਕਾਦਮਿਕ ਭਾਸ਼ਾ ਦੀ ਥਾਂ ਸੁਰਜੀਤ ਪਾਤਰ ਸਿਰਜਣਾ ਦੇ ਨਾਲ ਨਾਲ ਕੀਤੀ ਸਹਿਜ ਯਾਤਰਾ ਹੈ।
ਡਾ. ਵਰਿਆਮ ਸਿੰਘ ਸੰਧੂ ਨੇ ਇਸੇ ਪੁਸਤਕ ਬਾਰੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ “ਮੇਰੀ ਕਿਸੇ ਕਿਤਾਬ ਨਾਲ ਇੰਝ ਦੀ ਨਹੀਂ ਹੋਈ! ਕਦੀ ਕਦੀ ਸਚਾਈ ਮੰਨ ਲੈਣ ਵਿਚ ਵੀ ਕੋਈ ਹਰਜ ਨਹੀਂ ਹੁੰਦਾ! ਮੇਰੀਆਂ ਕਿਤਾਬਾਂ ਦੇ ਕਈ ਕਈ ਐਡੀਸ਼ਨ ਛਪਦੇ ਰਹੇ ਤੇ ਛਪ ਰਹੇ ਨੇ। ਬਹੁਤ ਸਾਰੀਆਂ ਦੇ ਤਾਂ ਚਾਰ-ਚਾਰ, ਛੇ-ਛੇ, ਅੱਠ-ਅੱਠ, ਦਸ-ਦਸ ਤੇ ‘ਚੌਥੀ ਕੂਟ’ ਵਰਗੀਆਂ ਕਿਤਾਬਾਂ ਦੇ ਤਾਂ ਸਤਾਰਾਂ ਅਠਾਰਾਂ ਐਡੀਸ਼ਨ ਵੀ। ਪਾਠਕ ਵੀ ਬੜੇ ਉਤਸ਼ਾਹ ਨਾਲ ਪ੍ਰਤੀਕਰਮ ਦਿੰਦੇ ਰਹੇ ਨੇ। ਢਾਈ ਸੌ ਸਫ਼ੇ ਦੀ ਕਿਤਾਬ ‘ਰੰਗ ਪ੍ਰਸੰਗ-ਸੁਰਜੀਤ ਪਾਤਰ ਦੇ’ ਮੈਂ ਛੇ ਮਹੀਨੇ ਦੀ ਮਿਹਨਤ ਨਾਲ ਲਿਖੀ। ਇਸ ਕਿਤਾਬ ਨੂੰ ਛਪਿਆਂ ਦੋ ਮਹੀਨੇ ਹੋ ਚੱਲੇ ਨੇ। ਸੁਰਜੀਤ ਪਾਤਰ ਦੇ ਜਨਮ ਦਿਹਾੜੇ ’ਤੇ ‘ਸਲਾਮ ਕਾਫ਼ਿਲਾ’ ਵਾਲਿਆਂ ਬੜੇ ਵੱਡੇ ਇਕੱਠ ਵਿਚ ਸੁਰਜੀਤ ਪਾਤਰ ਦੀ ਪਤਨੀ ਹੱਥੋਂ ਇਹ ਰਿਲੀਜ਼ ਵੀ ਕਰਵਾਈ। ਹਾਂ, ਏਨਾ ਕੁ ਜ਼ਰੂਰ ਹੈ ਕਿ ‘ਸਲਾਮ ਕਾਫ਼ਿਲਾ’ ਵਾਲਾ ਹੀ ਜਸਪਾਲ ਜੱਸੀ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਵਿਚ ਮਿਲਿਆ ਤਾਂ ਕਹਿੰਦਾ, “ਇਸ ਕਿਤਾਬ ਬਾਰੇ ਸਮਾਗਮ ਕਰ ਕੇ ਗੱਲ ਕਰਨੀ ਚਾਹੀਦੀ ਹੈ!” …ਇਸ ਤੋਂ ਇਲਾਵਾ… … ਸਹੁੰ ਖਾਣ ਵਾਲੀ ਗੱਲ ਹੈ; ਅੱਜ ਤੱਕ ਕਿਸੇ ਇੱਕ ਜਣੇ ਨੇ ਵੀ ਹੁੰਗਾਰਾ ਨਹੀਂ ਭਰਿਆ ਕਿ, ਪੜ੍ਹੀ ਤਾਂ ਛੱਡੋ, ਉਹਨੇ ਇਹਦੀ ਸ਼ਕਲ ਤੱਕ ਵੀ ਵੇਖੀ ਹੋਵੇ! ਕੇਵਲ ਆਪਣੇ ਦੋ ਨੇੜਲੇ ਮਿੱਤਰਾਂ ਨੂੰ ਮੈਂ ਇਹ ਕਿਤਾਬ ਦਿੱਤੀ ਸੀ। ਉਹਨਾਂ ਵੀ ਨਹੀਂ ਪੜ੍ਹੀ ਤੇ ਨਾ ਕੋਈ ਪ੍ਰਤੀਕਰਮ ਦਿੱਤਾ। ਪਰ ਉਹਨਾਂ ਨੂੰ ਕੋਈ ਉਲ੍ਹਾਮਾਂ ਕੋਈ ਨਹੀਂ , ਕਿਉਂਕਿ ਮੈਂ ਆਪ ਹੀ ਕਹਿੰਦਾ ਹੁੰਨਾਂ ਕਿ ‘ਭੇਟਾ ਕੀਤੀ ਕਿਤਾਬ’ ਕੋਈ ਨਹੀਂ ਪੜ੍ਹਦਾ।
ਦੂਜੇ ਪਾਸੇ ਬੜੇ ਅਦਾਰੇ ਪਾਤਰ ਦੇ ਨਾਂ ’ਤੇ ਹਰ ਰੋਜ਼ ਸਮਾਗਮ ਰਚਾ ਰਹੇ ਨੇ। ਉਹਨਾਂ ਦੀ ਮੁਬਾਰਕ ਨਜ਼ਰੋਂ ਵੀ ਇਹ ਕਿਤਾਬ ਨਹੀਂ ਲੰਘੀ। ਹੋਰ ਤਾਂ ਹੋਰ ਪਾਤਰ-ਪਰਿਵਾਰ ਨੇ ਵੀ ਇਹਦਾ ਕੋਈ ਹੁੰਗਾਰਾ ਨਹੀਂ ਭਰਿਆ! ਸ਼ਾਇਦ ਇਹਦਾ ਪੱਧਰ ਹੀ ਅਜਿਹਾ ਹੋਵੇ ਕਿ ਕਿਸੇ ਨੂੰ ਇਹ ਗੌਲਣ ਯੋਗ ਹੀ ਨਾ ਲੱਗੀ ਹੋਵੇ ਜਾਂ ਕੋਈ ਹੋਰ ਅਣਜਾਣਿਆਂ ਕਾਰਨ ਵੀ ਹੋ ਸਕਦਾ! ਮਨ ਵਿਚ ਕਈ ਵਾਰ ਸਵਾਲ ਉੱਠਦਾ ਹੈ ਕਿ ਭਲਾ ਇਹ ਕਿਤਾਬ ਲਿਖੀ ਕਿਉਂ ਸੀ? ਸੁਰਜੀਤ ਪਾਤਰ ਨਾਲ ਕੇਵਲ ਭਾਵੁਕ ਸਾਂਝ ਕਰ ਕੇ, ਸਗੋਂ ਸ਼ਾਇਦ ‘ਉਪਭਾਵੁਕ’ ਹੋ ਕੇ ਕਿਤਾਬ ਲਿਖ ਤਾਂ ਦਿੱਤੀ। ਹੁਣ ਸੋਚਦਾ ਹਾਂ, ਛੇ ਮਹੀਨੇ ਕਾਹਦੇ ਲਈ ਗਵਾਏ!
ਇਹ ਕਿਤਾਬ ਸੰਗਮ ਪਬਲੀਕੇਸ਼ਨਸਮਾਣਾ ਨੇ ਛਾਪੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/