Rajasthan : ਹਨੂੰਮਾਨਗੜ੍ਹ ‘ਚ ਕਿਸਾਨਾਂ ਦੀ ਮਹਾਪੰਚਾਇਤ, ਇੰਟਰਨੈੱਟ ਸੇਵਾਵਾਂ ਬੰਦ
– ਪੰਜਾਬ – ਹਰਿਆਣਾ ਤੋਂ ਕਿਸਾਨ ਜਥੇਬੰਦੀਆਂ ਵੀ ਹੋਈਆਂ ਸ਼ਾਮਿਲ
ਰਾਜਸਥਾਨ, 7 ਜਨਵਰੀ 2026 (ਵਿਸ਼ਵ ਵਾਰਤਾ): ਹਨੂੰਮਾਨਗੜ੍ਹ ਦੇ ਰਾਠੀਖੇੜਾ ‘ਚ ਕਿਸਾਨਾਂ ਦੀ ਮਹਾਂਪੰਚਾਇਤ ਹੋਈ। ਹਨੂੰਮਾਨਗੜ੍ਹ, ਸ਼੍ਰੀਗੰਗਾਨਗਰ, ਅਤੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੇ ਵੀ ਮਹਾਂਪੰਚਾਇਤ ਵਿੱਚ ਹਿੱਸਾ ਲਿਆ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਦਾ ਜਥਾ ਹਨੂੰਮਾਨਗੜ੍ਹ ਦੇ ਸੰਗਰੀਆ ਵਿੱਚ ਝੋਨਾ ਮੰਡੀ ਪਹੁੰਚਿਆ। ਇਸ ਦੌਰਾਨ, ਕਿਸਾਨ ਆਗੂਆਂ ਨੇ ਦੋ ਮੁੱਖ ਮੰਗਾਂ ਨੂੰ ਲੈ ਕੇ ਸੰਬੋਧਨ ਕੀਤਾ ਜਿਸ ‘ਚ ਈਥਾਨੌਲ ਫੈਕਟਰੀ ਸਮਝੌਤਾ ਰੱਦ ਕਰਨਾ ਅਤੇ ਅੰਦੋਲਨ ਦੌਰਾਨ ਕਿਸਾਨਾਂ ਵਿਰੁੱਧ ਦਰਜ ਕੇਸ ਵਾਪਸ ਲੈਣਾ ਸ਼ਾਮਿਲ ਸਨ। ਸਰਕਾਰ ਨੇ ਮਹਾਂਪੰਚਾਇਤ ਦੇ ਮੱਦੇਨਜ਼ਰ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਅਤੇ ਇਲਾਕੇ ਵਿੱਚ ਧਾਰਾ 163 ਲਾਗੂ ਕਰ ਦਿੱਤੀ।
ਕਿਸਾਨਾਂ ਨੇ ਹੱਥਾਂ ‘ਚ ਝੰਡੇ ਫੜੇ ਹੋਏ ਸਨ ਅਤੇ ਪੀਲੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ। ਮਹਾਪੰਚਾਇਤ ਵਿੱਚ ਕਿਸਾਨਾਂ ਨੇ ਈਥਾਨੌਲ ਫੈਕਟਰੀ ਨਾਲ ਹੋਏ ਸਮਝੌਤੇ ਨੂੰ ਰੱਦ ਕਰਨ ਅਤੇ ਅੰਦੋਲਨ ਦੌਰਾਨ ਉਨ੍ਹਾਂ ਵਿਰੁੱਧ ਦਰਜ ਕੀਤੇ ਗਏ ਕੇਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਨੇ 11 ਫਰਵਰੀ ਨੂੰ ਟਿੱਬੀ ਦੇ ਤਲਵਾੜਾ ਪਿੰਡ ਵਿੱਚ ਦੂਜੀ ਮਹਾਪੰਚਾਇਤ ਦਾ ਐਲਾਨ ਵੀ ਕੀਤਾ।
ਦੱਸ ਦਈਏ ਕਿ ਮਹਾਂਪੰਚਾਇਤ ਲਈ ਪ੍ਰਸ਼ਾਸਨ ਹਾਈ ਅਲਰਟ ‘ਤੇ ਰਿਹਾ। ਕਸਬੇ ‘ਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਪੁਲਿਸ ਨੇ ਮੰਗਲਵਾਰ ਰਾਤ ਤੋਂ ਹੀ ਸੰਗਰੀਆ ਕਸਬੇ ਵਿੱਚ ਆਉਣ ਵਾਲੇ ਚਾਰੇ ਪ੍ਰਮੁੱਖ ਪ੍ਰਵੇਸ਼ ਸਥਾਨਾਂ ‘ਤੇ ਬੈਰੀਕੇਡ ਲਗਾ ਦਿੱਤੇ ਸਨ। ਇਸ ਤੋਂ ਇਲਾਵਾ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਸਿਰਫ਼ ਜਾਂਚ ਤੋਂ ਬਾਅਦ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਹੁਣ 11 ਫਰਵਰੀ ਨੂੰ ਤਲਵਾੜਾ ਵਿੱਚ ਇੱਕ ਵਿਸ਼ਾਲ ਪੰਚਾਇਤ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























