Punjab News : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ 6 ਬਿੱਲ ਪਾਸ, ਪੜ੍ਹੋ ਵੇਰਵਾ
– ਸਦਨ ਅਣਮਿੱਥੇ ਸਮੇਂ ਲਈ ਮੁਲਤਵੀ
ਚੰਡੀਗੜ੍ਹ, 29 ਸਤੰਬਰ 2025 (ਵਿਸ਼ਵ ਵਾਰਤਾ) – ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸਮਾਪਤ ਹੋ ਗਿਆ ਹੈ। ਇਸ ਸੈਸ਼ਨ ਦੀ ਕਾਰਵਾਈ ਦੋ ਦਿਨ ਚੱਲੀ। ਅੱਜ ਆਖਰੀ ਦਿਨ ਪੰਜਾਬ ਕਾਰੋਬਾਰ ਦਾ ਅਧਿਕਾਰ (ਸੋਧ) ਬਿੱਲ, 2025 ਸਮੇਤ ਕੁੱਲ ਛੇ ਬਿੱਲ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਸ ਦੇ ਨਾਲ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
– ਪੰਜਾਬ ਰਾਈਟ ਟੂ ਬਿਜ਼ਨੈੱਸ (ਸੋਧ) ਬਿੱਲ-2025 ਕੈਬਨਿਟ ਮੰਤਰੀ ਤੁਰਣਪ੍ਰੀਤ ਸਿੰਘ ਸੌਂਦ ਵਲੋਂ ਪੇਸ਼ ਕੀਤਾ ਗਿਆ ਸੀ ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
– ਪੰਜਾਬ ਵਿਧਾਨ ਸਭਾ ‘ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਪੇਸ਼ ਕੀਤਾ ਗਿਆ, ਬੀਜ (ਪੰਜਾਬ ਸੋਧ) ਬਿੱਲ-2025 ਨੂੰ ਪਾਸ ਕਰ ਦਿੱਤਾ ਗਿਆ।
– ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਪੰਜਾਬ ਗੁਡਜ਼ ਅਤੇ ਸਰਵਿਸਿਜ਼ ਟੈਕਸ (ਸੋਧ) ਬਿੱਲ-2025 ਨੂੰ ਸਦਨ ਅੰਦਰ ਪਾਸ ਕੀਤਾ ਗਿਆ।
– ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ (ਸੋਧ) ਬਿੱਲ-2025 ਪੇਸ਼ ਕੀਤਾ ਗਿਆ। ਇਸ ਬਿੱਲ ਨੂੰ ਵੀ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
– ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਪੰਜਾਬ ਸਹਿਕਾਰੀ ਸਭਾਵਾਂ (ਸੋਧ) ਬਿੱਲ-2025 ਨੂੰ ਪਾਸ ਕੀਤਾ ਗਿਆ
– ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਪੰਜਾਬ ਟਾਊਨ ਇੰਪਰੂਵਮੈਂਟ (ਸੋਧ) ਬਿੱਲ-2025 ਪੇਸ਼ ਕੀਤਾ ਗਿਆ। ਇਸ ਨੂੰ ਵੀ ਸਦਨ ਅੰਦਰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਕਿਹਾ ਕਿ ਹੜ੍ਹਾਂ ਕਾਰਨ ਕਾਫੀ ਨੁਕਸਾਨ ਹੋਇਆ ਹੈ। ਹੁਣ ਸਾਨੂੰ ਮੁੜ ਵਸੇਬੇ ’ਤੇ ਕੰਮ ਕਰਨਾ ਪਵੇਗਾ। ਹੜ੍ਹ ਪੀੜਤ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਮੁੜ ਲੀਹ ‘ਤੇ ਛੇਤੀ ਲਿਆਉਣ ਲਈ ਸੂਬਾ ਸਰਕਾਰ ਜਿੱਥੇ ਫ਼ਸਲਾਂ ਅਤੇ ਮਕਾਨਾਂ ਦੇ ਨੁਕਸਾਨ ਦੇ ਵੱਧ ਮੁਆਵਜ਼ੇ ਦੇਣ ਜਾ ਰਹੀ ਹੈ, ਉੱਥੇ ਹੀ ਸਰਕਾਰ ਨੇ ਇਹਨਾਂ ਮੁਆਵਜ਼ਿਆਂ ਦੀ ਵੰਡ ਜਲਦ ਸ਼ੁਰੂ ਕਰਨ ਦੇ ਮੰਤਵ ਨਾਲ਼ ਮੁਲਾਂਕਣ ਲਈ ਇੱਕ ਨਿਯਤ ਸਮਾਂ ਵੀ ਨਿਸ਼ਚਿਤ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ 20 ਅਕਤੂਬਰ ਨੂੰ ਦੀਵਾਲੀ ਹੈ। ਅਸੀਂ 15 ਅਕਤੂਬਰ ਤੱਕ ਲੋਕਾਂ ਨੂੰ ਫਸਲਾਂ, ਪਸ਼ੂਆਂ ਅਤੇ ਹੋਰ ਚੀਜ਼ਾਂ ਦੇ ਨੁਕਸਾਨ ਲਈ ਮੁਆਵਜੇ ਦੇ ਚੈੱਕ ਦੇਣੇ ਸ਼ੁਰੂ ਕਰ ਦੇਵਾਂਗੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ “ਫ਼ਸਲਾਂ ਬਹੁਤ ਜ਼ਿਆਦਾ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜੇਕਰ ਪ੍ਰਤੀ ਏਕੜ 26 ਤੋਂ 33 ਪ੍ਰਤੀਸ਼ਤ ਨੁਕਸਾਨ ਹੁੰਦਾ ਸੀ ਤਾਂ 2,000 ਰੁਪਏ ਦਿੱਤੇ ਜਾਂਦੇ ਸਨ, ਜਿਸ ਨੂੰ ਅਸੀਂ 10 ਹਜ਼ਾਰ ਰੁਪਏ ਕਰ ਰਹੇ ਹਾਂ। 33 ਤੋਂ 75 ਪ੍ਰਤੀਸ਼ਤ ਨੁਕਸਾਨ ਲਈ, ਰਕਮ 6,800 ਰੁਪਏ ਹੁੰਦੀ ਸੀ ਹੁਣ, ਇਹ ਰਕਮ ਵਧਾ ਕੇ 10,000 ਰੁਪਏ ਕੀਤੀ ਜਾ ਰਹੀ ਹੈ। 75 ਤੋਂ 100 ਪ੍ਰਤੀਸ਼ਤ ਨੁਕਸਾਨ ਲਈ, ਰਕਮ 20,000 ਰੁਪਏ ਪ੍ਰਤੀ ਏਕੜ ਦੇ ਰਹੇ ਹਾਂ। ਇਸ ਵਿੱਚ SDRF ਲਈ 6,800 ਰੁਪਏ ਸ਼ਾਮਲ ਹਨ। ਮੈਂ ਇਸ ਮਾਮਲੇ ਸਬੰਧੀ ਕੱਲ੍ਹ ਗ੍ਰਹਿ ਮੰਤਰੀ ਨੂੰ ਮਿਲ ਰਿਹਾ ਹਾਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























