Punjab News: ਔਰਤਾਂ ਲਈ ਮੈਗਾ ਪਲੇਸਮੈਂਟ ਕੈਂਪ – ਨੌਕਰੀ ਲਈ 1223 ਉਮੀਦਵਾਰਾਂ ਦੀ ਚੋਣ; 50 ਉਮੀਦਵਾਰ ਸਵੈ-ਰੁਜ਼ਗਾਰ ਸਹਾਇਤਾ ਲਈ ਚੁਣੇ
• ਹੁਸ਼ਿਆਰਪੁਰ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਲਗਾਏ ਗਏ ਤਿੰਨ ਮੈਗਾ ਪਲੇਸਮੈਂਟ ਕੈਂਪਾਂ ਵਿੱਚ 2800 ਤੋਂ ਵੱਧ ਉਮੀਦਵਾਰਾਂ ਨੇ ਲਿਆ ਹਿੱਸਾ: ਅਮਨ ਅਰੋੜਾ
• ਕੈਂਪਾਂ ਵਿੱਚ ਮਾਈਕ੍ਰੋਸਾਫਟ ਅਤੇ ਆਈ.ਬੀ.ਐਮ. ਸਮੇਤ 41 ਰੋਜ਼ਗਾਰਦਾਤਾਵਾਂ ਨੇ ਕੀਤੀ ਸ਼ਮੂਲੀਅਤ
ਚੰਡੀਗੜ੍ਹ, 10 ਸਤੰਬਰ (ਵਿਸ਼ਵ ਵਾਰਤਾ) Punjab News:- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਅਪਣਾਏ ਦ੍ਰਿਸ਼ਟੀਕੋਣ ਵੱਲ ਅਹਿਮ ਕਦਮ ਵਧਾਉਂਦਿਆਂ ਪੰਜਾਬ ਸਰਕਾਰ ਨੇ ਅੱਜ ਹੁਸ਼ਿਆਰਪੁਰ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਔਰਤਾਂ ਲਈ ਤਿੰਨ ਮੈਗਾ ਪਲੇਸਮੈਂਟ ਕੈਂਪ ਲਗਾਏ।
ਇਹਨਾਂ ਕੈਪਾਂ ਵਿੱਚ ਕੁੱਲ 1223 ਔਰਤਾਂ ਨੂੰ ਨੌਕਰੀ ਲਈ ਚੁਣਿਆ ਗਿਆ ਅਤੇ 50 ਹੋਰ ਔਰਤਾਂ ਦੀ ਚੋਣ ਸਵੈ-ਰੁਜ਼ਗਾਰ ਸਹਾਇਤਾ ਲਈ ਕੀਤੀ ਗਈ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦਿੱਤੀ।
ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਲਗਾਏ ਗਏ ਇਨ੍ਹਾਂ ਮੈਗਾ ਪਲੇਸਮੈਂਟ ਕੈਂਪਾਂ ਵਿੱਚ 2829 ਅੌਰਤਾਂ ਨੇ ਹਿੱਸਾ ਲਿਆ।
ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ 41 ਰੁਜ਼ਗਾਰਦਾਤਾਵਾਂ ਨੇ ਹਿੱਸਾ ਲਿਆ ਅਤੇ 1223 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਕੀਤੀ ਗਈ। ਇਨ੍ਹਾਂ ਕੈਂਪਾਂ ਵਿੱਚ ਮਾਈਕ੍ਰੋਸਾਫਟ ਅਤੇ ਆਈ.ਬੀ.ਐਮ. ਨੇ ਡਿਜੀਟਲ ਹੁਨਰ ਵਿਕਾਸ ਲਈ 100 ਤੋਂ ਵੱਧ ਉਮੀਦਵਾਰਾਂ ਦੀ ਚੋਣ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਬੈਂਕਰਾਂ ਨੇ ਮਹਿਲਾ ਉਮੀਦਵਾਰਾਂ ਲਈ ਸਵੈ-ਰੁਜ਼ਗਾਰ ਸਬੰਧੀ ਮੌਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ, ਜਿਸ ਸਦਕਾ ਸਵੈ-ਰੁਜ਼ਗਾਰ ਸਹਾਇਤਾ ਲਈ 50 ਉਮੀਦਵਾਰਾਂ ਦੀ ਚੋਣ ਕੀਤੀ ਗਈ।
ਇਨ੍ਹਾਂ ਕੈਂਪਾਂ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਦੋਵੇਂ ਵਿਭਾਗਾਂ ਨੂੰ ਵਧਾਈ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਸ਼ਾਨਦਾਰ ਸਮਾਗਮ ਸੀ ਜਿਸ ਵਿੱਚ ਰੁਜ਼ਗਾਰ, ਸਵੈ-ਰੁਜ਼ਗਾਰ ਅਤੇ ਹੁਨਰ ਵਿਕਾਸ ਸੇਵਾਵਾਂ ਸਭ ਇੱਕੋ ਥਾਂ ਪ੍ਰਦਾਨ ਕੀਤੀਆਂ ਗਈਆਂ।
ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਮਿਸ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮੈਗਾ ਪਲੇਸਮੈਂਟ ਕੈਂਪ ਦੀ ਅਗਵਾਈ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਕੀਤੀ ਗਈ, ਜਦਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਵਿਖੇ ਸਮਾਗਮ ਵਿੱਚ ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਇਹ ਮਹਿਲਾ-ਵਿਸ਼ੇਸ਼ ਪਲੇਸਮੈਂਟ ਕੈਂਪ ਪੰਜਾਬ ਦੀਆਂ ਮਹਿਲਾਵਾਂ ਦੇ ਸਸ਼ਕਤੀਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ, ਜਿਸ ਨਾਲ ਇੱਕ ਖੁਸ਼ਹਾਲ ਪੰਜਾਬ ਦੀ ਮਜ਼ਬੂਤ ਨੀਂਹ ਰੱਖੀ ਜਾਵੇਗੀ।