ਪੰਜਾਬ ‘ਚ ਵੱਡਾ ਸਿਆਸੀ ਧਮਾਕਾ! ਇੱਕ ਹੋਰ ਰਾਜਨੀਤਕ ਪਾਰਟੀ ਦੀ ਐਂਟਰੀ
ਚੰਡੀਗੜ੍ਹ, 7 ਜੁਲਾਈ 2026 (ਵਿਸ਼ਵ ਵਾਰਤਾ)– ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਪੰਜਾਬ ਦਾ ਸਿਆਸੀ ਮਾਹੌਲ ਵੀ ਗਰਮਾਉਂਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਵਿੱਚ ਇੱਕ ਹੋਰ ਰਾਜਨੀਤਕ ਪਾਰਟੀ ਦੀ ਐਂਟਰੀ ਹੋ ਚੁੱਕੀ ਹੈ ਜਿਸ ਦਾ ਨਾਮ ‘ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ’ ਹੈ।
ਦੱਸ ਦਈਏ ਕਿ ਇਸ ਦੀ ਟੀਮ ਨੇ ਪਾਰਟੀ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਬੀਤੇ ਦਿਨੀਂ ਖਾਲਸਾ ਪੰਥ ਦੇ ਜਨਮ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਸ ਉਪਰੰਤ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ। ਪ੍ਰਧਾਨ ਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਦੀਆਂ 60 ਤੋਂ ਵੱਧ ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੇ ਹਾਂ।
ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ ਕਈ ਵਾਰ ਰਾਜ ਕਰ ਚੁੱਕੀਆਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਤਾਂ ਹਥਿਆ ਲਈ ਪਰ ਲੋਕਾਂ ਦੀਆਂ ਆਸਾਂ ’ਤੇ ਪੂਰੀ ਨਹੀਂ ਉਤਰ ਸਕੀ। ਉਨ੍ਹਾਂ ਕਿਹਾ ਕਿ ਕਾਫੀ ਸੋਚ-ਵਿਚਾਰ ਤੋਂ ਬਾਅਦ ਸਾਡੇ ਵੱਲੋਂ ‘ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ’ ਦੇ ਨਾਮ ਹੇਠ ਨਵਾਂ ਅਕਾਲੀ ਦਲ ਹੋਂਦ ’ਚ ਲਿਆਂਦਾ ਗਿਆ ਹੈ, ਜੋ ਪੰਜਾਬ ਦੇ ਲੋਕਾਂ ਦੀਆਂ ਆਸਾਂ ’ਤੇ ਪੂਰਾ ਉਤਰੇਗਾ ਅਤੇ ਸੱਤਾ ’ਚ ਆਉਣ ਉਪਰੰਤ ਕੇਂਦਰ ਤੋਂ ਪੰਜਾਬ ਦੇ ਸਾਰੇ ਮਸਲੇ ਹੱਲ ਕਰਵਾਏਗਾ। ਉਨ੍ਹਾਂ ਨੇ ਪੰਜਾਬ ਦੀ ਨੌਜਵਾਨੀ ‘ਚ ਦਿਨੋ- ਦਿਨ ਵਿਦੇਸ਼ਾ ‘ਚ ਜਾਣ ਦੇ ਵੱਧ ਰਹੇ ਰੁਝਾਨ ‘ਤੇ ਵੀ ਚਿੰਤਾ ਪ੍ਰਗਟਾਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























