ਪੰਜਾਬ ‘ਚ ਨਗਰ ਨਿਗਮ ਤੇ ਕੌਂਸਲ ਚੋਣਾਂ: 61.5 ਫੀਸਦੀ ਹੋਈ ਵੋਟਿੰਗ
– ਕਈ ਥਾਵਾਂ ‘ਤੇ ਹਿੰਸਕ ਝੜਪਾਂ
ਚੰਡੀਗੜ੍ਹ, 26 ਮਈ 2026 (ਵਿਸ਼ਵ ਵਾਰਤਾ): ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਮੰਗਲਵਾਰ ਨੂੰ ਵੋਟਿੰਗ ਹੋਈ। ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 5 ਵਜੇ ਤੱਕ ਚੱਲੀ। ਰਾਜ ਚੋਣ ਕਮਿਸ਼ਨ ਦੇ ਮੁਤਾਬਕ ਸ਼ਾਮ 5 ਵਜੇ ਤੱਕ 61.5% ਵੋਟਿੰਗ ਹੋਈ। ਇਸ ਵਾਰ ਵੋਟਿੰਗ ਈ.ਵੀ.ਐੱਮ. (EVM) ਦੀ ਜਗ੍ਹਾ ਬੈਲਟ ਪੇਪਰ ਰਾਹੀਂ ਹੋਈ।7555 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਹੁਣ 29 ਮਈ ਨੂੰ ਨਤੀਜੇ ਆਉਣਗੇ।
ਪੰਜਾਬ ਵਿੱਚ 2027 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਵਿੱਚ ਇਨ੍ਹਾਂ ਚੋਣਾਂ ਵਿੱਚ ਹਾਰ-ਜਿੱਤ ਨੂੰ ਸਿਆਸੀ (ਮਾਹੌਲ ਦੇ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ ਹੈ। ‘ਆਪ’ ਤੋਂ ਇਲਾਵਾ ਜੇਕਰ ਭਾਜਪਾ, ਕਾਂਗਰਸ ਜਾਂ ਅਕਾਲੀ ਦਲ ਦੀ ਕਾਰਗੁਜ਼ਾਰੀ ਚੰਗੀ ਰਹਿੰਦੀ ਹੈ, ਤਾਂ ਉਹ ਇਸ ਰਾਹੀਂ ਅਗਲੀਆਂ ਚੋਣਾਂ ਵਿੱਚ ਆਪਣੇ ਲਈ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਨਗੇ ਜਿਸ ਨਾਲ ਸਿਆਸੀ ਮਾਹੌਲ ਗਰਮਾ ਸਕਦਾ ਹੈ ।
ਦੱਸ ਦਈਏ ਕਿ ਅੱਜ ਵੋਟਿੰਗ ਦੌਰਾਨ ਕਈ ਥਾਵਾਂ ‘ਤੇ ਹਿੰਸਕ ਝੜਪਾਂ ਦੇ ਮਾਮਲੇ ਵੀ ਸਾਹਮਣੇ ਆਏ। ਪਟਿਆਲਾ ਦੇ ਸਮਾਣਾ ਵਿੱਚ ਪੁਲਿਸ ਅਤੇ ਭੀੜ ਵਿਚਾਲੇ ਕਾਫੀ ਤਣਾਅ ਪੂਰਨ ਮਾਹੌਲ ਬਣ ਗਿਆ। ਖੰਨਾ, ਬਰਨਾਲਾ ਅਤੇ ਸੰਗਰੂਰ ਤੋਂ ਵੀ ਟਕਰਾਅ ਦੇ ਮਾਮਲੇ ਸਾਹਮਣੇ ਆਏ।
ਜਗਰਾਉਂ ਨਗਰ ਕੌਂਸਲ ਦੇ 23 ਵਾਰਡਾਂ ਵਿੱਚ ਹੋ ਹੋਈਆਂ ਚੋਣਾਂ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ, ‘ਆਪ’ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਅਤੇ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਵਿਚਾਲੇ ਤਿੱਖੀ ਨੋਕਝੋਕ ਹੋ ਗਈ।
ਇਸ ਤੋਂ ਇਲਾਵਾ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓਐੱਸਡੀ ਓਂਕਾਰ ਸਿੰਘ ਬਰਾੜ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਉਹ ਕੁਝ ਸਮਾਂ ਪਹਿਲਾਂ ਹੀ ‘ਆਪ’ ਛੱਡ ਕੇ ਭਾਜਪਾ (BJP) ਵਿੱਚ ਸ਼ਾਮਲ ਹੋਏ ਸਨ।
ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਵਿੱਚ ਵੋਟਿੰਗ ਦੇ ਆਖਰੀ ਸਮੇਂ ਸਿਆਸੀ ਪਾਰਟੀਆਂ ਦੇ ਸਮਰਥਕ ਆਪਸ ਵਿੱਚ ਭਿੜ ਗਏ। ਧੱਕਾ-ਮੁੱਕੀ ਦੇ ਚਲਦਿਆਂ ਪੋਲਿੰਗ ਬੂਥ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਮਰਥਕਾਂ ਨੂੰ ਖਦੇੜਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























