ਪੰਜਾਬ ਵਿਧਾਨ ਸਭਾ ‘ਚ ਸਰਬਸੰਮਤੀ ਨਾਲ਼ ਪਾਸ ਹੋਏ 8 ਮਤੇ; ਪੜ੍ਹੋ ਵੇਰਵਾ
ਚੰਡੀਗੜ੍ਹ, 27 ਅਕਤੂਬਰ 2026 (ਵਿਸ਼ਵ ਵਾਰਤਾ): ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਅੰਤਿਮ ਦਿਨ 8 ਮਹੱਤਵਪੂਰਨ ਮਤੇ ਸਰਬਸੰਮਤੀ ਨਾਲ਼ ਪਾਸ ਹੋਏ ਇਨ੍ਹਾਂ ‘ਚ ਯਮੁਨਾ ਦਰਿਆ ਦੇ ਪਾਣੀਆਂ ਸੰਬੰਧੀ ਮਤਾ, ਪੰਜਾਬ ਦੇ ਸਿੰਜਾਈ ਹੈੱਡਵਰਕਸ ਦੇ ਪ੍ਰਬੰਧਾਂ ਸੰਬੰਧੀ ਮਤਾ, ਡੈਮ ਸੇਫ਼ਟੀ ਐਕਟ 2021 ਦੇ ਸੰਬੰਧ ਵਿੱਚ ਮਤਾ, ਪੰਜਾਬ ਯੂਨੀਵਰਸਿਟੀ ਦੀ ਸੈਨੇਟ ਲਈ ਪੰਜਾਬ ਵਿਧਾਨ ਸਭਾ ਤੋਂ 2 ਮੈਂਬਰ ਨਾਮਜ਼ਦ ਕਰਨ ਦਾ ਮਤਾ, ਰਾਵੀ-ਬਿਆਸ ਦਰਿਆਵਾਂ ਦੇ ਪਾਣੀ ਨੂੰ ਲਿੰਕ ਕਰਨ ਸੰਬੰਧੀ ਮਤਾ, ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਸੰਬੰਧੀ ਮਤਾ, ਵੱਖ-ਵੱਖ ਲੋਕ ਭਲਾ ਯੋਜਨਾਵਾਂ ਨੂੰ ਜਾਰੀ ਰੱਖਣ ਦਾ ਮਤਾ, ਰਾਜਸਥਾਨ ਸਰਕਾਰ ਕੋਲ਼ੋਂ ਦਰਿਆਈ ਪਾਣੀ ਦੀ ਰਾਇਲਟੀ ਲੈਣ ਸੰਬੰਧੀ ਮਤਾ, ਸ਼ਾਮਿਲ ਹਨ ।

ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 1960 ਤੱਕ ਰਾਜਸਥਾਨ ਸਾਨੂੰ ਪਾਣੀ ਦੀ ਰਾਇਲਟੀ ਦਿੰਦਾ ਰਿਹਾ ਹੈ। ਹੁਣ ਉਹ ਸਾਡੇ ਤੋਂ ਮੁਫ਼ਤ ਪਾਣੀ ਲੈ ਕੇ ਅੱਗੇ ਵੇਚਦਾ ਹੈ। ਇਹ ਤਾਂ ਬਿਜ਼ਨਸ ਹੋ ਗਿਆ। ਸਾਡੇ ਤੋਂ ਕੱਚਾ ਮਾਲ ਮੁਫ਼ਤ ਲੈ ਲਿਆ ਅਤੇ ਪ੍ਰੋਡਕਟ ਬਣਾ ਕੇ ਵੇਚ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ 1 ਲੱਖ 44 ਹਜ਼ਾਰ ਕਰੋੜ ਰੁਪਏ ਦੀ ਰਾਇਲਟੀ ਦਾ ਹੱਕ ਬਣਦਾ ਹੈ।
ਸੀਐੱਮ ਮਾਨ ਨੇ ਕਿਹਾ ਕਿ ਪਾਣੀ ਨਾਲ ਜੁੜਿਆ ਜੋ ਮਤਾ ਮੰਤਰੀ ਲੈ ਕੇ ਆਏ ਹਨ, ਮੈਂ ਉਸ ਦਾ ਸਮਰਥਨ ਕਰਦਾ ਹਾਂ। ਪਾਣੀ ਦੀ ਇੱਕ-ਇੱਕ ਬੂੰਦ ਲਈ ਆਵਾਜ਼ ਉਠਾਵਾਂਗੇ। ਇਸ ਲਈ ਲੜਨਾ ਪਿਆ ਤਾਂ ਲੜਾਂਗੇ। ਅਦਾਲਤ ਤੋਂ ਲੈ ਕੇ ਸੜਕਾਂ ਤੱਕ ਹਰ ਜਗ੍ਹਾ ਲੜਾਈ ਲੜਾਂਗੇ।
ਇਸ ਤੋਂ ਇਲਾਵਾ ਮੰਤਰੀ ਹਰਜੋਤ ਬੈਂਸ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਸੰਬੰਧੀ ਪੇਸ਼ ਕੀਤੇ ਮਤੇ ‘ਤੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਕਰਤਾਰਪੁਰ ਲਾਂਘਾ (ਕੋਰੀਡੋਰ) ਖੁੱਲ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਰਤਾਪੁਰ ਲਾਂਘਾ ਖੋਲ੍ਹਣ ਲਈ ਠੋਸ ਕਦਮ ਉਠਾਏ ਜਾਣੇ ਚਾਹੀਦੇ ਹਨ। ਪਹਿਲਾਂ ਇਹ ਖੁੱਲ੍ਹਿਆ ਸੀ ਅਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ। ਇਸ ਲਈ ਅਸੀਂ ਕੇਂਦਰ ਸਰਕਾਰ ਨਾਲ ਵੀ ਸੰਪਰਕ ਕੀਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























