Punjab : ਕੈਬਨਿਟ ਮੰਤਰੀ ਧਾਲੀਵਾਲ ਦੀ ਛਾਪਾਮਾਰੀ ਸਮੇਂ ਮੁਲਾਜ਼ਮਾਂ ਖੁਣੋਂ ਖ਼ਾਲੀ ਦਫ਼ਤਰ ਭਾਂ -ਭਾਂ ਕਰ ਰਹੇ ਸਨ
– ਗੈਰ ਹਾਜ਼ਿਰ ਪਾਏ ਗਏ ਮੁਲਾਜ਼ਮਾਂ ਵਿਰੁੱਧ ਵਿਭਾਗੀ ਕਾਰਵਾਈ ਹੋਵੇਗੀ: ਮੰਤਰੀ ਧਾਲੀਵਾਲ

ਅਜਨਾਲਾ/ਅੰਮ੍ਰਿਤਸਰ,29 ਮਈ (ਗੁਰਨਾਮ ਸਿੰਘ ਲਾਲੀ)- ਐਨ ਆਰ ਆਈ ਮਾਮਲਿਆਂ ਦੇ ਮੰਤਰੀ (Punjab) ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਸਵੇਰੇ ਕਰੀਬ 9.30 ਵਜੇ ਅਜਨਾਲਾ ਸ਼ਹਿਰ ‘ਚ ਤਹਿਸੀਲ ਦਫ਼ਤਰ ਵਿਖੇ ਅਚਨਚੇਤ ਛਾਪਾ ਮਾਰਿਆਂ ਤਾਂ ਸਿਰਫ਼ ਇੱਕ ਨਾਇਬ ਤਹਿਸੀਲਦਾਰ ਤੋਂ ਇਲਾਵਾ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਖੁਣੋਂ ਤਹਿਸੀਲ ਦਫਤਰ ਦੇ ਸਮੂਹ ਕਮਰੇ ਖ਼ਾਲੀ ਕੁਰਸੀਆਂ ਚ ਭਾਂ ਭਾਂ ਕਰ ਰਹੇ ਸਨ ਅਤੇ ਮੰਤਰੀ ਮੰਤਰੀ ਧਾਲੀਵਾਲ ਨੇ ਗੈਰ ਹਾਜ਼ਿਰ ਪਏ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸੂਚੀ ਤਿਆਰ ਕਰਕੇ ਵਿਭਾਗੀ ਕਾਰਵਾਈ ਲਈ ਲਿਖਤੀ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਭੇਜ ਦਿੱਤੀ ਹੈ।
ਇਸ ਉਪਰੰਤ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਧਾਲੀਵਾਲ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਦਿਨਾਂ ਤੋਂ ਉਹਨਾਂ ਨੂੰ ਲੋਕਾਂ ਕੋਲੋ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਤਹਿਸੀਲ ਦਫ਼ਤਰ ਚ ਸਮੇਂ ਸਿਰ ਕੋਈ ਵੀ ਮੁਲਾਜ਼ਮ ਹਾਜ਼ਿਰ ਨਾ ਹੋਣ ਕਾਰਨ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਜਦੋਂ ਅੱਜ ਸਵੇਰੇ ਸਾਢੇ ਨੌਂ ਵਜੇ ਸ਼ਿਕਾਇਤ ਦੇ ਮੱਦੇਨਜ਼ਰ ਤਹਿਸੀਲ ਦਫ਼ਤਰ ਚ ਅਚਨਚੇਤ ਛਾਪਾਮਾਰੀ ਕੀਤੀ ਗਈ ਤਾਂ ਸਿਰਫ ਇੱਕ ਨਾਇਬ ਤਹਿਸੀਲਦਾਰ ਤੋਂ ਇਲਾਵਾ ਬਾਕੀ ਸਾਰਾ ਅਮਲਾ ਗੈਰ ਹਾਜ਼ਿਰ ਸੀ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਮਾਲ ਵਿਭਾਗ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਹੁਕਮ ਦਿੱਤੇ ਹੋਏ ਹਨ ਕਿ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਤਹਿਸੀਲ ਦਫ਼ਤਰਾਂ ਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਤੌਰ ਤੇ ਹੋਣੀ ਚਾਹੀਦੀ ਹੈ ਪਰ ਅੱਜ ਸਵੇਰੇ ਛਾਪਾਮਾਰੀ ਦੌਰਾਨ ਮੁਲਾਜ਼ਮਾਂ ਦੀ ਗੈਰ ਹਾਜ਼ਿਰ ਹੋਣ ਕਾਰਣ ਉਹ ਬੜੇ ਹੈਰਾਨ ਹੋ ਕੇ ਰਹਿ ਗਏ। ਉਹਨਾਂ ਸਪਸ਼ਟ ਕੀਤਾ ਕਿ ਦਫ਼ਤਰਾਂ ਚ ਮੁਲਾਜ਼ਮਾ ਤੇ ਅਧਿਕਾਰੀਆਂ ਦੀ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹਾਜ਼ਰੀ ਯਕੀਨੀ ਹੋਣੀ ਚਾਹੀਦੀ ਹੈ। ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਗੈਰ ਹਾਜ਼ਰ ਹੋਣ ਕਾਰਨ ਲੋਕਾਂ ਦੀ ਦਫ਼ਤਰਾਂ ਚ ਹੁੰਦੀ ਖੱਜਲ ਖੁਆਰੀ ਪੰਜਾਬ ਸਰਕਾਰ ਲਈ ਅਸਿਹ ਹੈ।
ਡਿਊਟੀ ਚ ਕੁਤਾਹੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਮੁਲਾਜ਼ਮਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਚ ਕੋਈ ਸਿਫਾਰਸ਼ ਨਹੀਂ ਮੰਨੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਸਮੇਂ ਸਮੇਂ ਸਿਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਤੋਂ ਇਲਾਵਾ ਭਾਵੇਂ ਕਿਤੋਂ ਵੀ ਪੈਸਿਆਂ ਦਾ ਪ੍ਰਬੰਧ ਕਰਕੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਦੇ ਰਹੀ ਹੈ ਤਾਂ ਫਿਰ ਮੁਲਾਜ਼ਮਾਂ ਨੂੰ ਵੀ ਆਪਣੀ ਡਿਊਟੀ ਨੂੰ ਧਰਮ ਮੰਨਦਿਆਂ ਹੋਇਆ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਣ ਚ ਕੁਤਾਹੀ ਨਹੀਂ ਕਰਨੀ ਚਾਹੀਦੀ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਸੂਬਾ ਮਾਨ ਸਰਕਾਰ ਰਾਜ ਦੇ ਲੋਕਾਂ ਵਲੋਂ ਚੁਣੀ ਹੋਈ ਲੋਕਪ੍ਰਿਯ ਸਰਕਾਰ ਹੈ ਅਤੇ ਸੂਬਾ ਮਾਨ ਸਰਕਾਰ ਲੋਕਾਂ ਦੀ ਨਾਜਾਇਜ਼ ਖੱਜਲ ਖ਼ੁਆਰੀ ਨੂੰ ਸਹਿਣ ਨਹੀਂ ਕਰ ਸਕਦੀ।
ਉਹਨਾਂ ਕਿਹਾ ਕਿ ਜਿਹੜੇ ਮੁਲਾਜ਼ਮਾਂ ਨੂੰ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰ ਵੇਲੇ ਤੋਂ ਦਫ਼ਤਰੋਂ ਫਰਲੋ ਤੇ ਰਹਿਣ ਦੀ ਆਦਤ ਪਈ ਹੋਈ ਹੈ, ਉਹ ਸਮੇਂ ਸਿਰ ਦਫ਼ਤਰਾਂ ਚ ਹਾਜ਼ਰ ਰਹਿਕੇ ਲੋਕਾਂ ਦੇ ਕੰਮਾਂ ਦਾ ਨਿਪਟਾਰਾ ਕਰਨ ਚ ਰੁਚੀ ਲੈਣ ਨਹੀਂ ਤਾਂ ਫਿਰ ਨੌਕਰੀਆਂ ਛੱਡ ਜਾਣ, ਕਿਉਂਕਿ CM ਮਾਨ ਦੀ ਅਗਵਾਈ ਵਾਲੀ ਸਰਕਾਰ ਅਜਿਹਾ ਕਦਾਚਿੱਤ ਬਰਦਾਸ਼ਿਤ ਕਰਨ ਵਾਲੀ ਨਹੀਂ। ਉਹਨਾਂ ਨੇ ਸਮੂਹ ਮੁਲਾਜ਼ਮਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਦਫ਼ਤਰਾਂ ਚ ਸਮੇਂ ਸਿਰ ਹਾਜ਼ਿਰ ਰਹਿ ਕੇ ਲੋਕਾਂ ਨੂੰ ਦਰਪੇਸ਼ ਦਿੱਕਤਾਂ ਦਾ ਇਮਾਨਦਾਰੀ ਨਾਲ ਹੱਲ ਕਰਨ ‘ਚ ਪਹਿਲ ਕਦਮੀ ਕਰਨ। ਮਿਹਨਤੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਮਾਨ ਸਰਕਾਰ ਬਰਾਬਰ ਮਾਨ ਸਤਿਕਾਰ ਦਿੰਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























